ਫੁੱਲਾਂਵਾਲ, 27 ਅਪ੍ਰੈਲ (ਮਨਜੀਤ ਸਿੰਘ ਦੁੱਗਰੀ)-ਡੀ.ਏ.ਵੀ. ਪਬਲਿਕ ਸਕੂਲ ਸ਼ਹੀਦ ਕਰਤਾਰ ਸਿੰਘ ਸਰਾਭਾ ਮਾਰਗ ਪੱਖੋਵਾਲ ਰੋਡ, ਲੁਧਿਆਣਾ ਵਿਖੇ ਆਰੀਆ ਯੁਵਾ ਸਮਾਜ ਯੂਨਿਟ ਦੇ ਸਹਿਯੋਗ ਨਾਲ ਮਹਾਤਮਾ ਹੰਸ ਰਾਜ ਦਾ ਜਨਮ ਦਿਵਸ ਨਿਸ਼ਕਾਮ ਸੇਵਾ ਦੇ ਉੱਚ ਆਦਰਸ਼ਾਂ ਤੋਂ ਪ੍ਰੇਰਿਤ ਹੋ ਕੇ ਸਕੂਲ ਦੇ ਸਟਾਫ਼ ਅਤੇ ਵਿਦਿਆਰਥੀਆਂ ਨੇ ਆਰੀਆ ਯੁਵਾ ਸਮਾਜ ਯੂਨਿਟ ਦੇ ਨਾਲ ਮਿਲ ਕੇ ਮਨਾਇਆ | ਇਸ ਮੌਕੇ ਟੀਮ ਨੇ ਨਿਸ਼ਕਾਮ ਸੇਵਾ ਆਸ਼ਰਮ ਦਾ ਦੌਰਾ ਕੀਤਾ, ਜਿੱਥੇ ਵਿਦਿਆਰਥੀਆਂ ਨੇ ਰੋਜ਼ਾਨਾ ਵਰਤੋਂ ਦੀਆਂ ਜ਼ਰੂਰੀ ਵਸਤਾਂ ਭੇਟ ਕੀਤੀਆਂ ਅਤੇ ਬਜ਼ੁਰਗਾਂ ਅਤੇ ਬੱਚਿਆਂ ਨਾਲ ਸਨੇਹ ਭਰੇ ਪਲ ਸਾਂਝੇ ਕਰਦੇ ਹੋਏ ਇਕ ਗਹਿਰਾ ਭਾਵਨਾਤਮਕ ਰਿਸ਼ਤਾ ਬਣਾਇਆ ਅਤੇ ਦਾਨ ਦੇ ਅਸਲ ਅਰਥ ਨੂੰ ਮਹਿਸੂਸ ਕੀਤਾ | ਸਕੂਲ ਦੀ ਪਿ੍ੰਸੀਪਲ ਡਾ. ਸਤਵੰਤ ਕੌਰ ਭੁੱਲਰ ਨੇ ਆਰੀਆ ਯੁਵਾ ਸਮਾਜ ਯੂਨਿਟ ਅਤੇ ਵਲੰਟੀਅਰਾਂ ਦੇ ਨਾਲ-ਨਾਲ ਸਟਾਫ਼ ਅਤੇ ਵਿਦਿਆਰਥੀਆਂ ਦੇ ਸਮਰਪਿਤ ਯਤਨਾਂ ਦੀ ਭਰਪੂਰ ਪ੍ਰਸੰਸਾ ਕੀਤੀ | ਉਨ੍ਹਾਂ ਨੇ ਕਿਹਾ ਕਿ ਦਇਆ, ਸੰਵੇਦਨਾ ਅਤੇ ਪਰਉਪਕਾਰ ਦੀ ਭਾਵਨਾ ਨਾਲ ਜੀਵਨ ਜਿਊਣਾ ਹੀ ਮਹਾਤਮਾ ਹੰਸ ਰਾਜ ਜੀ ਲਈ ਸੱਚੀ ਸ਼ਰਧਾਂਜਲੀ ਹੈ | ਇਹ ਉਪਰਾਲਾ ਮਨੁੱਖਤਾ ਦੀ ਅਸਲੀ ਭਾਵਨਾ ਨੂੰ ਦਰਸਾਉਂਦਾ ਹੈ ਅਤੇ ਨੌਜਵਾਨ ਮਨਾਂ 'ਤੇ ਡੂੰਘਾ ਅਸਰ ਛੱਡਦਿਆਂ ਉਨ੍ਹਾਂ ਵਿਚ ਸੇਵਾ, ਸਤਿਕਾਰ ਅਤੇ ਸਮਾਜਿਕ ਜ਼ਿੰਮੇਵਾਰੀ ਦੇ ਮੁੱਲ ਮਜ਼ਬੂਤ ਕਰਦਾ ਹੈ |