ਫੁੱਲਾਂਵਾਲ, 27 ਅਪ੍ਰੈਲ (ਮਨਜੀਤ ਸਿੰਘ ਦੁੱਗਰੀ)-ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਅਤੇ 'ਵਾਰਸ ਪੰਜਾਬ ਦੇ' ਦਰਮਿਆਨ ਹੋਏ ਸਿਆਸੀ ਗੱਠਜੋੜ ਤੋਂ ਬਾਅਦ ਹੋਂਦ ਵਿਚ ਆਈ ਅੱਠ ਮੈਂਬਰੀ ਪੰਥਕ ਏਕਤਾ ਤਾਲਮੇਲ ਕਮੇਟੀ ਦੇ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਦੇ ਕਨਵੀਨਰ ਬਣਨ ਨਾਲ ਸੂਬੇ ਅੰਦਰ ਪੰਥਕ ਲਹਿਰ ਜ਼ੋਰ ਫੜਨ ਲੱਗੀ ਹੈ | ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਅਤੇ 'ਵਾਰਸ ਪੰਜਾਬ ਦੇ' ਨਾਲ ਪੰਥਕ ਧਿਰਾਂ ਵਿਚ ਏਕਤਾ ਹੋਣ ਨਾਲ ਬਣਿਆ ਗੱਠਜੋੜ ਸੂਬੇ ਅੰਦਰ ਆਗਾਮੀ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਲੋਕਾਂ ਦੀ ਪਹਿਲੀ ਪਸੰਦ ਬਣ ਕੇ ਉਭਰ ਕੇ ਸਾਹਮਣੇ ਆਵੇਗਾ, ਜਿਹੜਾ ਪੰਥਕ ਮਸਲੇ ਹੱਲ ਕਰਨ ਦੇ ਨਾਲ ਨਾਲ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਦਾ ਹੱਲ ਨਿਕਲਣ ਵਿਚ ਸਹਾਈ ਹੋਵੇਗਾ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਇਆਲੀ ਸਮਰਥਕ ਸਾਬਕਾ ਸਰਪੰਚ ਹਰਪ੍ਰੀਤ ਸਿੰਘ ਹੈਪੀ ਠੱਕਰਵਾਲ ਨੇ ਕਿਹਾ ਕਿ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਪਿਛਲੇ ਲੰਬੇ ਸਮੇਂ ਤੋਂ ਪੰਥਕ ਏਕਤਾ ਲਈ ਸਰਗਰਮ ਰਹੇ ਹਨ, ਜਿਨ੍ਹਾਂ ਦਾ ਮੁੱਖ ਮਕਸਦ ਪੰਥਕ ਧਿਰਾਂ ਨੂੰ ਇਕੱਠੇ ਕਰਕੇ ਸੂਬੇ ਨੂੰ ਬਿਹਤਰੀ ਵੱਲ ਲਿਜਾਣਾ ਰਿਹਾ ਹੈ | ਆਉਣ ਵਾਲੇ ਦਿਨਾਂ ਅੰਦਰ ਸਾਬਕਾ ਵਿਧਾਇਕ ਦਰਸ਼ਨ ਸਿੰਘ ਸ਼ਿਵਾਲਿਕ ਦੀ ਅਗਵਾਈ ਹੇਠ ਸਰਗਰਮੀਆਂ ਤੇਜ਼ੀ ਨਾਲ ਆਰੰਭ ਕੀਤੀਆਂ ਜਾਣਗੀਆਂ | ਹਲਕਾ ਗਿੱਲ ਤੋਂ ਵੱਡੀ ਗਿਣਤੀ ਵਿਚ ਲੋਕ ਇਸ ਲਹਿਰ ਦਾ ਹਿੱਸਾ ਬਣਨ ਲਈ ਤਿਆਰ ਹਨ |