ਲੁਧਿਆਣਾ, 1 ਮਈ (ਜਸਵਿੰਦਰ ਸਿੰਘ)- ਪੀ.ਏ.ਯੂ. ਦੇ ਡਾਇਰੈਕਟੋਰੇਟ ਵਿਦਿਆਰਥੀ ਭਲਾਈ ਨੇ ਰਾਈਡ ਵਿਦ ਪ੍ਰਾਈਡ ਸਿਰਲੇਖ ਹੇਠ ਕਰਵਾਈ ਇਕ ਸਾਈਕਲ ਰੈਲੀ ਵਿਚ 100 ਦੇ ਕਰੀਬ ਭਾਗੀਦਾਰ ਸ਼ਾਮਿਲ ਹੋਏ | ਡਾ. ਸਤਿਬੀਰ ਸਿੰਘ ਗੋਸਲ ਵਾਈਸ ਚਾਂਸਲਰ ਨੇ ਹਰੀ ਝੰਡੀ ਦੇ ਕੇ ਇਸ ਰੈਲੀ ਨੂੰ ਰਵਾਨਾ ਕੀਤਾ | ਡਾ. ਗੋਸਲ ਨੇ ਕਿਹਾ ਕਿ ਭਾਵੇਂ ਬਦਲਦੇ ਯੁੱਗ ਅਨੁਸਾਰ ਸਾਈਕਲ ਸਾਡੇ ਕਾਰ-ਵਿਹਾਰੀ ਜੀਵਨ ਦਾ ਹਿੱਸਾ ਨਹੀਂ ਰਿਹਾ, ਪਰ ਸਿਹਤ ਸੰਬੰਧੀ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਨ ਲਈ ਸਾਈਕਲ ਦੀ ਭੂਮਿਕਾ ਅਹਿਮ ਹੈ | ਉਨ੍ਹਾਂ ਕਿਹਾ ਕਿ ਇਹ ਸਾਈਕਲ ਰੈਲੀ ਸਰੀਰਕ ਮਸ਼ੱਕਤ ਬਾਰੇ ਆਮ ਲੋਕਾਂ ਨੂੰ ਜਾਗਰੂਕ ਕਰਨ ਦਾ ਇਕ ਵਸੀਲਾ ਬਣੇਗੀ | ਰਾਸ਼ਟਰ ਪੱਧਰੀ ਸਾਈਕਲ ਚਾਲਕ ਦਵਿੰਦਰ ਸਿੰਘ ਬਾਂਸਲ ਦੇ ਪਰਿਵਾਰ ਵਲੋਂ ਦਿੱਤੀ ਜਾਣ ਵਾਲੀ ਮਾਲੀ ਇਮਦਾਦ ਦਾ ਜ਼ਿਕਰ ਕਰਦਿਆਂ ਡਾ. ਗੋਸਲ ਨੇ ਦੱਸਿਆ ਕਿ ਯੂਨੀਵਰਸਿਟੀ ਵਿਚ ਸਾਈਕਲਿੰਗ ਸਹੂਲਤਾਂ ਨੂੰ ਪ੍ਰਫੁੱਲਿਤ ਕਰਨ ਵਾਸਤੇ ਇਸ ਇਮਦਾਦ ਦੀ ਵਰਤੋਂ ਕੀਤੀ ਜਾ ਰਹੀ ਹੈ | ਨਿਰਦੇਸ਼ਕ ਵਿਦਿਆਰਥੀ ਭਲਾਈ ਡਾ. ਕਮਲਜੀਤ ਸਿੰਘ ਸੂਰੀ ਨੇ ਇਸ ਰੈਲੀ ਵਿਚ ਭਾਗ ਲੈਣ ਵਾਲੇ ਸਾਈਕਲ ਚਾਲਕਾਂ ਅਤੇ ਪਤਵੰਤਿਆਂ ਦਾ ਸਵਾਗਤ ਕੀਤਾ | ਉਨ੍ਹਾਂ ਕਿਹਾ ਕਿ ਇਹ ਰੈਲੀ ਪੀ.ਏ.ਯੂ. ਨੂੰ ਸਾਫ਼-ਸੁਥਰਾ ਅਤੇ ਹਰਾ-ਭਰਾ ਬਣਾਉਣ ਦਾ ਸੁਨੇਹਾ ਪ੍ਰਸਾਰਿਤ ਕਰਨ ਦਾ ਸਬੱਬ ਬਣੇਗੀ | ਇਸ ਮੌਕੇ ਪੀ.ਏ.ਯੂ. ਪੈਡਲ ਕਲੱਬ ਨਾਂ ਦਾ ਸੋਸ਼ਲ ਮੀਡੀਆ ਪੇਜ ਵੀ ਜਾਰੀ ਕੀਤਾ ਗਿਆ | ਰੈਲੀ ਦਾ ਸੰਚਾਲਨ ਡਾ. ਪਰਮਵੀਰ ਸਿੰਘ ਗਰੇਵਾਲ ਨੇ ਕੀਤਾ | ਅੰਤ ਵਿਚ ਡਾ. ਰੁਪਿੰਦਰ ਕੌਰ ਤੂਰ ਨੇ ਧੰਨਵਾਦ ਦਾ ਮਤਾ ਪੇਸ਼ ਕੀਤਾ | ਸਮਾਰੋਹ ਦਾ ਸੰਚਾਲਨ ਗੁਰਪ੍ਰੀਤ ਸਿੰਘ ਵਿਰਕ ਨੇ ਕੀਤਾ |