ਲੁਧਿਆਣਾ, 16 ਮਈ (ਡਾ. ਤਰਲੋਚਨ ਸਿੰਘ)-ਵਰਲਡ ਹਾਈਪਰਟੈਂਸ਼ਨ ਦਿਵਸ ਦੇ ਮੌਕੇ 'ਤੇ ਹੀਰੋ ਡੀ. ਐਮ. ਸੀ. ਹਾਰਟ ਇੰਸਟੀਚਿਊਟ ਵਲੋਂ ਇਸ ਸਾਲ ਦੀ ਥੀਮ 'ਕੰਟਰੋਲਿੰਗ ਹਾਈਪਰਟੈਂਸ਼ਨ ਟੁਗੈਦਰ' ਦੇ ਤਹਿਤ ਜੋਗਰਜ਼ ਪਾਰਕ ਅਤੇ ਦਿਆਨੰਦ ਹਸਪਤਾਲ ਦੇ ਸ਼ਹਿਰੀ ਅਤੇ ਪਿੰਡਾਂ ਵਾਲੇ ਕੇਂਦਰ ਵਿਖੇ ਜਾਗਰੂਕਤਾ ਮੁਹਿਮਾਂ ਤੇ ਸਿਹਤ ਜਾਂਚ ਕੈਂਪ ਲਗਾਏ ਗਏ | ਇਹ ਸਮਾਗਮ ਡਾ. ਬਿਸ਼ਵ ਮੋਹਨ, ਚੀਫ਼ ਕਾਰਡੀਓਲੋਜਿਸਟ, ਹੀਰੋ ਡੀ. ਐਮ. ਸੀ. ਦੀ ਅਗਵਾਈ ਹੇਠ ਕਰਵਾਏ ਗਏ, ਜਿਸ ਦਾ ਉਦੇਸ਼ ਲੋਕਾਂ ਨੂੰ ਹਾਈਪਰਟੈਂਸ਼ਨ ਪ੍ਰਤੀ ਜਾਗਰੂਕ ਕਰਨਾ ਅਤੇ ਇਸ ਦੀ ਸਮੇਂ ਸਿਰ ਪਛਾਣ ਅਤੇ ਰੋਕਥਾਮ ਲਈ ਪ੍ਰੇਰਿਤ ਕਰਨਾ ਸੀ | ਸਮਾਜ ਲਈ ਮੁਫ਼ਤ ਬਲੱਡ ਪ੍ਰੈਸ਼ਰ ਅਤੇ ਬਲੱਡ ਸ਼ੂਗਰ ਜਾਂਚ ਕੈਂਪ ਲਗਾਏ ਗਏ, ਜਿਨ੍ਹਾਂ ਦੌਰਾਨ ਲਗਪਗ 900 ਲੋਕਾਂ ਦੀ ਜਾਂਚ ਕੀਤੀ ਗਈ ਅਤੇ ਉਨ੍ਹਾਂ ਨੂੰ ਹਾਈਪਰਟੈਂਸ਼ਨ ਅਤੇ ਦਿਲ ਦੀ ਸਿਹਤ ਬਾਰੇ ਜਾਣਕਾਰੀ ਦਿੱਤੀ ਗਈ | ਇਸ ਤੋਂ ਇਲਾਵਾ ਖੇਤਰੀ ਭਾਸ਼ਾ ਵਿਚ ਪੁਸਤਕਾਂ ਅਤੇ ਕਿਤਾਬਾਂ ਵੀ ਵੰਡੀਆਂ ਗਈਆਂ ਤਾਂ ਜੋ ਲੋਕਾਂ ਨੂੰ ਬੇਕਾਬੂ ਬਲੱਡ ਪ੍ਰੈਸ਼ਰ ਦੇ ਨੁਕਸਾਨਾਂ ਅਤੇ ਨਿਯਮਤ ਸਿਹਤ ਜਾਂਚ ਦੀ ਮਹੱਤਤਾ ਬਾਰੇ ਜਾਗਰੂਕ ਕੀਤਾ ਜਾ ਸਕੇ | ਸਮਾਗਮ ਦੌਰਾਨ ਡਾਕਟਰਾਂ ਦੀ ਟੀਮ ਨੇ ਲੋਕਾਂ ਨਾਲ ਸੰਵਾਦ ਕੀਤਾ ਤੇ ਹਾਈਪਰਟੈਂਸ਼ਨ ਦੀ ਰੋਕਥਾਮ ਅਤੇ ਨਿਯੰਤਰਨ ਲਈ ਨਿਯਮਤ ਕਸਰਤ, ਸੰਤੁਲਿਤ ਖੁਰਾਕ, ਤਣਾਅ ਪ੍ਰਬੰਧਨ, ਘੱਟ ਨਮਕ ਦੀ ਵਰਤੋਂ, ਪੂਰੀ ਨੀਂਦ ਅਤੇ ਤੰਬਾਕੂ ਅਤੇ ਸਿਗਰਟਨੋਸ਼ੀ ਤੋਂ ਦੂਰ ਰਹਿਣ ਵਰਗੀਆਂ ਮਹੱਤਵਪੂਰਨ ਸਲਾਹਾਂ ਦਿੱਤੀਆਂ | ਲੋਕਾਂ ਨੂੰ ਹਾਈਪਰਟੈਂਸ਼ਨ ਦੇ ਕਾਰਨਾਂ, ਲੱਛਣਾਂ ਅਤੇ ਇਸ ਨਾਲ ਹੋਣ ਵਾਲੀਆਂ ਜਟਿਲਤਾਵਾਂ ਬਾਰੇ ਵੀ ਜਾਣਕਾਰੀ ਦਿੱਤੀ ਗਈ | ਇਸ ਦੇ ਨਾਲ ਯੋਗਾ ਅਤੇ ਡਾਈਟ ਸੈਸ਼ਨ ਅਤੇ ਜੀਵਨ ਬਚਾਉਣ ਵਾਲੀਆਂ ਹੁਨਰਾਂ ਨੂੰ ਉਤਸ਼ਾਹਿਤ ਕਰਨ ਲਈ ਸੀ.ਪੀ.ਆਰ. ਟਰੇਨਿੰਗ ਵੀ ਕਰਵਾਈ ਗਈ | ਇਸ ਮੌਕੇ ਡਾ. ਬਿਸ਼ਵ ਮੋਹਨ ਨੇ ਹਾਈਪਰਟੈਂਸ਼ਨ ਨੂੰ ''ਸਾਇਲੈਂਟ ਕਿੱਲਰ'' ਦੱਸਦਿਆਂ ਸਮੇਂ ਸਿਰ ਜਾਂਚ, ਜਲਦੀ ਪਛਾਣ ਅਤੇ ਨਿਯਮਿਤ ਬਲੱਡ ਪ੍ਰੈਸ਼ਰ ਮਾਨੀਟਰਿੰਗ ਦੀ ਮਹੱਤਤਾ 'ਤੇ ਜ਼ੋਰ ਦਿੱਤਾ ਤਾਂ ਜੋ ਦਿਲ ਦੇ ਦੌਰੇ, ਸਟ੍ਰੋਕ, ਕਿਡਨੀ ਬਿਮਾਰੀਆਂ ਅਤੇ ਹੋਰ ਜਟਿਲਤਾਵਾਂ ਤੋਂ ਬਚਿਆ ਜਾ ਸਕੇ | ਇਸ ਮੌਕੇ ਹਸਪਤਾਲ ਮੈਨੇਜਿੰਗ ਸੁਸਾਇਟੀ ਦੇ ਸਕੱਤਰ ਬਿਪਿਨ ਗੁਪਤਾ ਨੇ ਨਿਯਮਤ ਸਿਹਤ ਜਾਂਚ, ਸਮੇਂ ਸਿਰ ਸਕਰੀਨਿੰਗ ਤੇ ਜੀਵਨ ਸ਼ੈਲੀ ਨਾਲ ਜੁੜੀਆਂ ਬਿਮਾਰੀਆਂ ਦੀ ਰੋਕਥਾਮ ਵਿਚ ਲੋਕ ਭਾਗੀਦਾਰੀ ਦੀ ਮਹੱਤਤਾ 'ਤੇ ਜ਼ੋਰ ਦਿੱਤਾ | ਪਿ੍ੰਸੀਪਲ ਡਾ. ਜੀ. ਐਸ. ਵਾਂਡਰ ਨੇ ਇਸ ਪਹਿਲ ਦੀ ਸਰਾਹਨਾ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦੇ ਸਮਾਗਮ ਹਰ ਉਮਰ ਵਰਗ 'ਚ ਨਿਵਾਰਕ ਸਿਹਤ ਸੇਵਾਵਾਂ ਨੂੰ ਮਜ਼ਬੂਤ ਕਰਨ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ |