ਲੁਧਿਆਣਾ, 22 ਮਈ (ਭੁਪਿੰਦਰ ਸਿੰਘ ਬੈਂਸ)-ਜ਼ਿਲੇ੍ਹ ਦੇ ਨਿੱਜੀ ਗੈਰ ਸਹਾਇਤਾ ਪ੍ਰਾਪਤ ਸਕੂਲਾਂ ਵਲੋਂ ਕੀਤੇ ਜਾਂਦੇ ਫ਼ੀਸ ਵਾਧੇ 'ਤੇ ਨਿਗਰਾਨੀ ਰੱਖਣ ਲਈ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਵਲੋਂ ਜ਼ਿਲ੍ਹਾ ਪੱਧਰੀ ਰੈਗੂਲੇਟਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ | ਇਹ ਕਮੇਟੀ ਤੁਰੰਤ ਪ੍ਰਭਾਵ ਨਾਲ ਜ਼ਿਲੇ੍ਹ ਵਿਚ ਫ਼ੀਸਾਂ ਦੇ ਨਿਰਧਾਰਨ ਅਤੇ ਵਾਧੇ ਨਾਲ ਸਬੰਧਿਤ ਮਾਮਲਿਆਂ ਦੀ ਜਾਂਚ ਅਤੇ ਨਿਯਮਾਂ ਦੀ ਪਾਲਨਾ ਯਕੀਨੀ ਬਣਾਏਗੀ | ਪੰਜਾਬ ਰੈਗੂਲੇਟਰੀ ਸੰਸਥਾਨ ਦੇ ਫ਼ੀਸ ਨਿਯਮਨ ਐਕਟ 2016, ਪੰਜਾਬ ਰੈਗੂਲੇਟਰੀ ਸੰਸਥਾਨ ਦੇ ਫ਼ੀਸ ਨਿਯਮਨ ਸੋਧ ਐਕਟ 2019 ਅਤੇ 2017 ਦੇ ਨਿਯਮਾਂ ਤਹਿਤ ਬਣਾਈ ਗਈ | ਇਸ ਕਮੇਟੀ ਦਾ ਮਕਸਦ ਨਿੱਜੀ ਸਕੂਲਾਂ ਵਿਚ ਪਾਰਦਰਸ਼ਤਾ ਅਤੇ ਵਿਦਿਆਰਥੀਆਂ ਦੇ ਮਾਪਿਆਂ ਦੇ ਹਿਤਾਂ ਦੀ ਰੱਖਿਆ ਕਰਨਾ ਹੈ | ਕਮੇਟੀ ਗੈਰ ਸਹਾਇਤਾ ਪ੍ਰਾਪਤ ਵਿੱਦਿਅਕ ਸੰਸਥਾਵਾਂ ਦੇ ਫ਼ੀਸ ਢਾਂਚੇ ਤੇ ਫ਼ੀਸ ਵਾਧੇ ਨਾਲ ਸਬੰਧਿਤ ਪ੍ਰਸਤਾਵਾਂ ਦੀ ਨਿਗਰਾਨੀ ਕਰੇਗੀ | ਕਮੇਟੀ ਵਿਚ ਵਧੀਕ ਡਿਪਟੀ ਕਮਿਸ਼ਨਰ, ਜ਼ਿਲ੍ਹਾ ਸਿੱਖਿਆ ਅਫ਼ਸਰ ਅਤੇ ਹੋਰ ਅਧਿਕਾਰੀਆਂ ਨੰੂ ਸ਼ਾਮਿਲ ਕੀਤਾ ਗਿਆ ਹੈ | ਪ੍ਰਸ਼ਾਸਨ ਨੇ ਸਪੱਸ਼ਟ ਕੀਤਾ ਹੈ ਕਿ ਕੋਈ ਵੀ ਨਿੱਜੀ ਸਕੂਲ ਪਿਛਲੇ ਅਕਾਦਮਿਕ ਸਾਲ ਨਾਲੋਂ 8 ਫ਼ੀਸਦੀ ਤੋ ਵੱਧ ਫ਼ੀਸ ਨਹੀਂ ਵਧਾ ਸਕੇਗਾ ਅਤੇ ਕਿਸੇ ਵੀ ਤਰ੍ਹਾਂ ਦੀ ਮੁਨਾਫਾਖੋਰੀ ਵਸੂਲ ਕਰਨ ਦੀ ਇਜਾਜ਼ਤ ਨਹੀਂ ਹੋਵੇਗੀ |