ਲਾਡੋਵਾਲ/ਭਾਮੀਆਂ ਕਲਾਂ, 31 ਮਈ (ਬਲਬੀਰ ਸਿੰਘ ਰਾਣਾ/ਜਤਿੰਦਰ ਭੰਬੀ)-ਨੇੜਲੇ ਪਿੰਡ ਕਾਸਾਬਾਦ ਵਿਖੇ ਰੇਤ ਮਾਫ਼ੀਆ ਵਲੋਂ ਰਾਤ-ਬਰਾਤੇ ਕੀਤੀ ਜਾ ਰਹੀ ਨਾਜਾਇਜ਼ ਮਾਈਨਿੰਗ ਕਾਰਨ ਸਤਲੁਜ ਦਰਿਆ ਦੇ ਬੰਨ੍ਹ ਦਿਨੋਂ ਦਿਨ ਨੀਵੇਂ ਤੇ ਕਮਜ਼ੋਰ ਹੁੰਦੇ ਜਾ ਰਹੇ ਹਨ, ਜਿਸ ਕਰਕੇ ਆਉਣ ਵਾਲੀਆਂ ਬਰਸਾਤਾਂ ਦੇ ਦਿਨਾਂ ਵਿਚ ਇਹ ਬੰਨ੍ਹ ਲੋਕਾਂ ਲਈ ਤਬਾਹੀ ਦਾ ਕਾਰਨ ਬਣ ਸਕਦੇ ਹਨ। ਇਹ ਵਿਚਾਰ ਭਾਰਤੀ ਕਿਸਾਨ ਯੂਨੀਅਨ ਦੁਆਬਾ ਦੇ ਮਾਲਵਾ ਜ਼ੋਨ ਪ੍ਰਧਾਨ ਇੰਦਰਵੀਰ ਸਿੰਘ ਕਾਦੀਆਂ ਤੇ ਸਾਥੀਆਂ ਨੇ ਸਤਲੁਜ ਦਰਿਆ ਦੇ ਬੰਨਾ ਦਾ ਦੌਰਾ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਾਂਝੇ ਕੀਤੇ। ਮਾਲਵਾ ਜ਼ੋਨ ਪ੍ਰਧਾਨ ਕਾਦੀਆਂ ਨੇ ਕਿਹਾ ਕਿ ਰੇਤ ਮਾਫ਼ੀਆ ਦੇ ਟਿੱਪਰਾਂ ਨਾਲ ਬੰਨ੍ਹਾਂ ਦੀ ਹਾਲਤ ਖਸਤਾ ਹੋ ਚੁੱਕੀ ਹੈ ਅਤੇ ਬੰਨ੍ਹਾਂ ਦੇ ਨਾਲ ਬਣਾਈਆਂ ਗਈਆਂ ਠੋਕਰਾਂ ਦੇ ਹਾਲਾਤ ਵੀ ਬੜੇ ਤਰਸਯੋਗ ਬਣੇ ਹੋਏ ਹਨ, ਜੋ ਕਿ ਦਰਿਆ ਦੇ ਨਾਲ ਲੱਗਦੇ ਪਿੰਡਾਂ ਦੇ ਲੋਕਾਂ ਲਈ ਬਹੁਤ ਹੀ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਰੇਤ ਮਾਫ਼ੀਆ ਦੀ ਧੱਕੇਸ਼ਾਹੀ ਕਾਰਨ ਇਲਾਕਾ ਨਿਵਾਸੀਆਂ ਵਿਚ ਡਰ ਤੇ ਸਹਿਮ ਦਾ ਮਾਹੌਲ ਹੈ, ਕਿਉਂਕਿ ਰੇਤ ਮਾਫ਼ੀਆ ਮਨਜ਼ੂਰੀ ਵਾਲੀ ਖੱਡ ਵਿਚੋਂ ਰੇਤ ਘੱਟ ਅਤੇ ਨਾਲ ਲੱਗਦੀ ਜ਼ਮੀਨ ਵਿਚੋਂ ਨਜਾਇਜ਼ ਮਾਈਨਿੰਗ ਰਾਹੀਂ ਵੱਧ ਰੇਤਾ ਚੁੱਕੀ ਜਾ ਰਹੀ ਹੈ। ਮਾਲਵਾ ਜ਼ੋਨ ਪ੍ਰਧਾਨ ਨੇ ਦੱਸਿਆ ਕਿ ਸਤਲੁਜ ਦਰਿਆ ਦੇ ਬੰਨ੍ਹ ਤੇ ਠੋਕਰਾਂ ਦੇ ਜੋ ਮੌਜੂਦਾ ਹਾਲਾਤ ਹਨ, ਉਹ ਆਉਣ ਵਾਲੇ ਸਮੇਂ ਵਿਚ ਕੋਈ ਵੱਡੇ ਨੁਕਸਾਨ ਦੀ ਦਸਤਕ ਦੇ ਸਕਦੇ ਹਨ, ਇਸ ਲਈ ਨਜਾਇਜ਼ ਮਾਈਨਿੰਗ ਕਰਨ ਵਾਲੇ ਰੇਤ ਮਾਫ਼ੀਆ ਨੂੰ ਰੋਕਣਾ ਅਜੋਕੇ ਸਮੇਂ ਦੀ ਮੁੱਖ ਲੋੜ ਹੈ। ਉਨ੍ਹਾਂ ਸਰਕਾਰਾਂ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਅਪੀਲ ਕਰਦਿਆਂ ਕਿਹਾ ਕਿ ਸਤਲੁਜ ਦਰਿਆ ਵਿਚੋਂ ਚੋਰੀ ਹੋ ਰਹੀ ਰੇਤਾ ਨੂੰ ਰੋਕਣ ਲਈ ਮਾਈਨਿੰਗ ਵਿਭਾਗ ਰੇਤ ਮਾਫ਼ੀਆ ਖ਼ਿਲਾਫ਼ ਸਖ਼ਤ ਰਵੱਈਆ ਅਤੇ ਠੋਸ ਕਦਮ ਚੁੱਕੇ। ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਸਰਕਾਰਾਂ, ਜ਼ਿਲ੍ਹਾ ਪ੍ਰਸ਼ਾਸਨ ਤੇ ਸੰਬੰਧਿਤ ਮਾਈਨਿੰਗ ਵਿਭਾਗ ਨੇ ਇਸ ਮਸਲੇ ‘ਤੇ ਗ਼ੌਰ ਨਾ ਕੀਤੀ ਤਾਂ ਆਉਣ ਵਾਲੀਆਂ ਬਰਸਾਤਾਂ ਦੇ ਦਿਨਾਂ ਦੌਰਾਨ ਲੋਕਾਂ ਦੇ ਹੋਣ ਵਾਲੇ ਜਾਨੀ ਮਾਲੀ ਨੁਕਸਾਨ ਦੀ ਜ਼ਿੰਮੇਵਾਰੀ ਵੀ ਇਨ੍ਹਾਂ ਖੁਦ ਦੀ ਹੋਵੇਗੀ। ਇਸ ਮੌਕੇ ਗੁਰਜੀਤ ਸਿੰਘ ਗਿੱਲ, ਕੁਲਵਿੰਦਰ ਸਿੰਘ ਭਾਕਿਉ ਮਾਲਵਾ ਜ਼ੋਨ ਇਕਾਈ ਪ੍ਰਧਾਨ ਲਾਦੀਆਂ ਅਤੇ ਹਰਪ੍ਰੀਤ ਸਿੰਘ ਫ਼ਤਿਹਪੁਰ ਆਦਿ ਵੀ ਹਾਜ਼ਰ ਸਨ।