ਲੁਧਿਆਣਾ, 31 ਮਈ (ਡਾ. ਤਰਲੋਚਨ ਸਿੰਘ)-ਸਿਰਜਣਧਾਰਾ ਸਾਹਿਤਕ ਸੰਸਥਾ ਦੀ ਮਹੀਨਾਵਾਰ ਮੀਟਿੰਗ ਪੰਜਾਬੀ ਭਵਨ ਸਥਿਤ ਡਾ. ਪਰਮਿੰਦਰ ਸਿੰਘ ਹਾਲ ਵਿਖੇ ਸੰਸਥਾ ਦੀ ਪ੍ਰਧਾਨ ਡਾ. ਗੁਰਚਰਨ ਕੌਰ ਕੋਚਰ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੇ ਆਰੰਭ ਵਿਚ ਸਦੀਵੀਂ ਵਿਛੋੜਾ ਦੇ ਗਈਆਂ ਸਾਹਿਤਕ ਹਸਤੀਆਂ ਗੀਤਕਾਰ ਚੰਨ ਗੁਰਾਇਆਂ ਵਾਲਾ, ਸ਼ਾਇਰ ਡਾ. ਬਸ਼ੀਰ ਬਦਰ, ਸ਼੍ਰੋਮਣੀ ਗਾਇਕ ਪਾਲੀ ਦੇਤਵਾਲੀਆ ਦੇ ਸਪੁੱਤਰ ਕਾਕਾ ਮਨਜੋਤ ਸਿੰਘ, ਗੀਤਕਾਰ ਗੋਲੂ ਕਾਲੇਕੇ ਮੋਗਾ ਦੇ ਮਾਤਾ ਰਾਜ ਰਾਣੀ ਅਤੇ ਸਾਹਿਤਕਾਰ ਰਿਪੁਦਮਨ ਸਿੰਘ ਰੂਪ ਨੂੰ ਯਾਦ ਕਰਦੇ ਹੋਏ ਦੋ ਮਿੰਟ ਦਾ ਮੌਨ ਰੱਖ ਕੇ ਨਿੱਘੀ ਸ਼ਰਧਾਂਜਲੀ ਭੇਟ ਕੀਤੀ। ਮੀਟਿੰਗ ਵਿਚ ਜਨਮੇਜਾ ਜੌਹਲ ਨੇ ਕਿਹਾ ਕਿ ਆਮ ਬੋਲਚਾਲ ਵਿਚ ਸਾਨੂੰ ਸੁਭਾਏਕੇ ਤੌਰ ‘ਤੇ ਮਾਂ ਬੋਲੀ ਵਿਚ ਹੀ ਗੱਲ ਕਰਨੀ ਚਾਹੀਦੀ ਹੈ, ਕਦੇ ਵੀ ਦੂਸਰੀਆਂ ਭਸ਼ਾਵਾਂ ਵਿਚ ਰਲ੍ਹੇਵਾਂ ਨਹੀਂ ਕਰਨਾ ਚਾਹੀਦਾ ਤਾਂ ਹੀ ਅਸੀਂ ਆਪਣੀ ਮਾਂ ਬੋਲੀ ਦੇ ਪ੍ਰਤੀ ਵਫ਼ਾਦਾਰ ਹੋਵਾਂਗੇ। ਡਾ. ਗੁਰਚਰਨ ਕੌਰ ਕੋਚਰ ਨੇ ਕਿਹਾ ਕਿ ਆਮ ਤੌਰ ਤੇ ਘਰਾਂ ਵਿਚ ਇਹ ਦੇਖਿਆ ਗਿਆ ਹੈ ਕਿ ਜਿਨ੍ਹਾਂ ਪੰਜਾਬੀਆਂ ਦੇ ਬੱਚੇ ਕੌਨਵੈਂਟ ਸਕੂਲਾਂ ਵਿਚ ਪੜ੍ਹਦੇ ਹਨ ਉਹ ਬੱਚਿਆਂ ਸਮੇਤ ਹੀ ਮਾਂ ਬੋਲੀ ਪੰਜਾਬੀ ਤੋਂ ਕਿਉਂ ਕਿਨਾਰਾ ਕਰ ਰਹੇ ਹਨ ? ਇਹ ਮਾਂ ਬੋਲੀ ਤੋਂ ਮੁੱਖ ਮੋੜਨ ਦੇ ਬਰਾਬਰ ਹੈ ਜੋ ਨਹੀਂ ਹੋਣਾ ਚਾਹੀਦਾ। ਮਨਦੀਪ ਕੌਰ ਭੰਮਰਾ ਨੇ ਕਿਹਾ ਕਿ ਪੰਜਾਬ ਦੇ ਸੈਨਿਕ ਸਕੂਲਾਂ ਵਿਚ ਬੱਚਿਆਂ ਨੂੰ ਪੰਜਾਬੀ ਭਾਸ਼ਾ ਤੋਂ ਦੂਰ ਕੀਤਾ ਜਾ ਰਿਹਾ ਹੈ। ਅਮਰਜੀਤ ਸ਼ੇਰਪੁਰੀ ਨੇ ਕਿਹਾ ਕਿ ਦੂਸਰੇ ਸੂਬਿਆਂ ਦੇ ਵਸਨੀਕ ਜਿਨ੍ਹਾਂ ਨੂੰ ਅਸੀਂ ਪ੍ਰਵਾਸੀ ਕਹਿੰਦੇ ਹਾਂ ਉਹ ਸਾਡੇ ਸਕੂਲਾਂ ਕਾਲਜਾਂ ਵਿਚ ਪੰਜਾਬੀ ਪੜ੍ਹ ਰਹੇ ਹਨ ਤੇ ਪੰਜਾਬੀ ਵਿਚ ਗੱਲਾਂ ਕਰਦੇ ਹਨ, ਬੇਸ਼ੱਕ ਉਨ੍ਹਾਂ ਦੀ ਮਾਤ ਭਾਸ਼ਾ ਪੰਜਾਬੀ ਨਹੀਂ ਹੈ ਪਰ ਆਪਣੇ ਮਾਂ ਬਾਪ ਨਾਲ ਆਪਣੀ ਮਾਂ ਬੋਲੀ ਵਿਚ ਹੀ ਗੱਲਾਂ ਕਰਦੇ ਹਨ, ਸਾਨੂੰ ਵੀ ਉਨ੍ਹਾਂ ਤੋਂ ਕੁੱਝ ਸਿੱਖਣਾ ਚਾਹੀਦਾ ਹੈ। ਮਿੱਤਰ ਸੈਨ ਮੀਤ ਨੇ ਵੀ ਮਾਂ ਬੋਲੀ ਪ੍ਰਤੀ ਆਪਣੇ ਵਿਚਾਰ ਰੱਖੇ। ਮੀਟਿੰਗ ਦੌਰਾਨ ਉਨ੍ਹਾਂ ਦੇ ਨਾਵਲ ਕਟਹਿਰਾ ਦਾ ਛੇਵਾਂ ਐਡੀਸ਼ਨ ਵੀ ਲੋਕ ਅਰਪਣ ਕੀਤਾ। ਉਪਰੰਤ ਕਵੀ ਦਰਬਾਰ ਵਿਚ ਕਵੀ ਸੋਮਨਾਥ ਭੱਟੀ ਨੇ ਕਵਿਤਾ ਧੀਆਂ ਵੱਸਦੀਆਂ ਸੋਹਣੀਆਂ ਲੱਗਦੀਆਂ, ਇੰਦਰਜੀਤ ਕੌਰ ਲੋਟੇ ਨੇ ਕਵਿਤਾ ਭਾਰ ਪੈਸਿਆਂ ਦਾ ਨਹੀਂ ਹਲਾਤਾਂ ਦਾ ਹੁੰਦਾ, ਸਤਵਿੰਦਰ ਸਿੰਘ ਗੁੱਗੂ ਥਰੀਕੇ ਨੇ ਗੀਤ ਮਾਵਾਂ ਠੰਡੀਆਂ ਛਾਵਾਂ ਨੇ, ਸੰਪੂਰਨ ਸਨਮ ਸਾਹਨੇਵਾਲ ਨੇ ਗੀਤ ਮੁਕੱਦਰ ਸੇ ਗਿਲਾ ਸਾ ਰਹਿਤਾ ਹੈ, ਜਨਮੇਜਾ ਜੌਹਲ ਨੇ ਜਦ ਅੱਖ ‘ਚ ਹੰਝੂ ਆ ਜਾਵੇ, ਮਨਦੀਪ ਕੌਰ ਭੰਮਰਾ ਨੇ ਪਿਆਰ ਦਾ ਕਲਾਵਾ, ਸਿਮਰਨ ਧੁੱਗਾ ਨੇ ਗੀਤ ਖੋਲ ਕੇ ਤਾਂ ਦੇਖੋ ਧੀ ਦੇ ਪੈਰਾਂ ਦੀਆਂ ਬੇੜੀਆਂ ਅਤੇ ਅਮਰਜੀਤ ਸ਼ੇਰਪੁਰੀ ਨੇ ਮੰਚ ਸੰਚਾਲਨ ਕਰਦਿਆਂ ਆਪਣਾ ਗੀਤ ਚੰਗੀ ਹੁੰਦੀ ਨਹੀ�ਂ ਅੜੀ ਸੱਜਣਾ ਸਾਰੇ ਮੁੱਖ ਮੋੜ ਜਾਣਗੇ ਪੇਸ਼ ਕੀਤਾ। ਅੰਤ ਵਿਚ ਸਭਾ ਦੀ ਪ੍ਰਧਾਨ ਡਾ. ਗੁਰਚਰਨ ਕੌਰ ਕੋਚਰ ਨੇ ਗ਼ਜ਼ਲ ਨਹੀਂ ਡਰਦੀ ਕਿਸੇ ਦੀ ਧੌਂਸ ਤੋਂ ਤੇ ਨਾਂ ਡਰਾਉਂਦੀ ਹਾਂ ਸੁਣਾ ਕੇ ਚੰਗਾ ਰੰਗ ਬੰਨ੍ਹਿਆ। ਉਨ੍ਹਾਂ ਮੀਟਿੰਗ ਵਿਚ ਸ਼ਾਮਿਲ ਸਭਨਾਂ ਸਾਹਿਤਕਾਰਾਂ ਦਾ ਧੰਨਵਾਦ ਵੀ ਕੀਤਾ।