ਲੁਧਿਆਣਾ, 31 ਮਈ (ਜਸਵਿੰਦਰ ਸਿੰਘ)-ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਵਲੋਂ ਬਸਤੀ ਜੋਧੇਵਾਲ ਵਿਖੇ ਵੱਖ ਵੱਖ ਮੰਗਾਂ ਨੂੰ ਲੈ ਕੇ ਲਗਾਏ ਧਰਨੇ ਦੌਰਾਨ ਪ੍ਰਧਾਨ ਦਿਲਬਾਗ ਸਿੰਘ ਗਿੱਲ ਨੇ ਗੱਲਬਾਤ ਕਰਦਿਆਂ ਕਿਹਾ ਕਿ ਰਾਹੋਂ ਰੋਡ ਦਾ ਕੰਮ ਅਧੂਰਾ ਹੋਣ ਕਾਰਨ ਬਰਸਾਤੀ ਦਿਨਾਂ ਵਿਚ ਇਥੇ ਪਾਣੀ ਜਮਾ ਹੋ ਜਾਂਦਾ ਹੈ, ਜਿਸ ਕਾਰਨ ਬਹੁਤ ਸਾਰੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਰਾਹੋਂ ਰੋਡ ‘ਤੇ ਪਹਿਲਾਂ ਹੀ ਆਵਾਜਾਈ ਜ਼ਿਆਦਾ ਹੋਣ ਕਾਰਨ ਟੈ੍ਫ਼ਿਕ ਜਾਮ ਰਹਿੰਦਾ ਹੈ। ਸਸਰਾਲੀ ਬੰਨ੍ਹ ਦਾ ਕੰਮ ਪਿਛਲੇ ਇਕ ਹਫ਼ਤੇ ਤੋਂ ਬੰਦ ਪਿਆ ਹੈ। ਬਰਸਾਤ ਦਾ ਮੌਸਮ ਨਜ਼ਦੀਕ ਆ ਰਿਹਾ ਹੈ। ਜੇਕਰ ਇਕ ਹਫ਼ਤੇ ਦੇ ਅੰਦਰ ਬੰਨ੍ਹ ਦਾ ਕੰਮ ਸ਼ੁਰੂ ਨਹੀਂ ਕਰਵਾਇਆ ਗਿਆ ਤਾਂ ਰਾਜਨੀਤਿਕ ਪਾਰਟੀਆਂ ਦੇ ਲੀਡਰਾਂ ਨੂੰ ਪਿੰਡ ਵਿਚ ਨਹੀਂ ਵੜਨ ਦਿੱਤਾ ਜਾਵੇਗਾ। ਯੂਨੀਅਨ ਨੇ ਹੋਰ ਮੰਗ ਕਰਦਿਆਂ ਕਿਹਾ ਕਿ ਸ਼ਹਿਰ ਅੰਦਰ ਸੜਕਾਂ ਦੇ ਉਪਰ ਲੱਗੀਆਂ ਨਾਜਾਇਜ਼ ਰੇੜੀਆਂ ਫੜੀਆਂ ਖ਼ਤਮ ਕੀਤੀਆਂ ਜਾਣ। ਰੇਹੜੀ ਫੜੀ ਵਾਲਿਆਂ ਨੂੰ ਅਲੱਗ ਜਗ੍ਹਾ ਦਿੱਤੀ ਜਾਵੇ। ਜੇਕਰ 15 ਦਿਨ ਦੇ ਅੰਦਰ ਕਾਰਵਾਈ ਨਹੀਂ ਕੀਤੀ ਜਾਂਦੀ ਤਾਂ ਕਿਸੇ ਵੀ ਕਿਸਮ ਦੇ ਲੜਾਈ ਝਗੜੇ ਲਈ ਪ੍ਰਸ਼ਾਸਨ ਜ਼ਿੰਮੇਵਾਰ ਹੋਵੇਗਾ। ਸ਼ਹਿਰ ਦੇ ਵਿਚ ਲੱਗੇ ਦਿਸ਼ਾ ਸੂਚਕ ਬੋਰਡ ਉਪਰੋਂ ਗੈਰ ਸਰਕਾਰੀ ਬੈਨਰ ਪੋਸਟਰ ਹਟਾਏ ਜਾਣ। ਸ਼ਹਿਰ ਦੇ ਅੰਦਰ ਸਵੇਰੇ 5 ਵਜੇ ਤੋਂ ਲੈ ਕੇ ਰਾਤ ਦੇ 10 ਵਜੇ ਤੱਕ ਰੇਤੇ ਦੇ ਟਿੱਪਰ ਟਰਾਲੀਆਂ ਤੇ ਹੋਰ ਭਾਰੀ ਵਾਹਨਾਂ ਦੇ ਉਪਰ ਰੋਕ ਲਗਾਈ ਜਾਵੇ। ਇਸ ਮੌਕੇ ਜਨਰਲ ਸਕੱਤਰ ਨੇਕ ਸਿੰਘ ਸੇਖੇਵਾਲ, ਸੁਖਦੇਵ ਸਿੰਘ ਮੰਗਲੀ, ਗੁਰਮੁਖ ਸਿੰਘ, ਭੋਲਾ ਸਿੰਘ,ਮਾਰਕੀਟ ਪ੍ਰਧਾਨ ਹਨੀ ਸਿੰਘ, ਜਸਬੀਰ ਸਿੰਘ, ਜਗਜੀਤ ਸਿੰਘ, ਪਵਿੱਤਰ ਸਿੰਘ, ਸੁਖਜਿੰਦਰ ਸਿੰਘ, ਮਹਿਕਪ੍ਰੀਤ ਸਿੰਘ, ਜਸਪਾਲ ਸਿੰਘ ਸੈਣੀ ਆਦਿ ਹਾਜ਼ਰ ਸਨ।