ਆਲਮਗੀਰ, 1 ਜੂਨ (ਜਰਨੈਲ ਸਿੰਘ ਪੱਟੀ)-ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ ਗਿੱਲ ਪਾਰਕ ਲੁਧਿਆਣਾ ਨੇ ਜਨਵਰੀ-ਮਈ 2026 ਸੈਸ਼ਨ ਲਈ ਆਈ.ਆਈ.ਟੀ. ਮਦਰਾਸ ਵਲੋਂ ਜਾਰੀ ਕੀਤੀਆਂ ਐਨ.ਪੀ.ਟੀ.ਈ.ਐਲ. ਰੇਟਿੰਗਾਂ ਵਿਚ 'ਏ' ਗ੍ਰੇਡ ਹਾਸਿਲ ਕਰ ਵਿੱਦਿਅਕ ਖੇਤਰ 'ਚ ਇਕ ਹੋਰ ਮਾਣਮੱਤੀ ਉਪਲਬਧੀ ਆਪਣੇ ਨਾਮ ਕੀਤੀ ਹੈ | ਕਾਲਜ ਦੇ ਵਿਦਿਆਰਥੀਆਂ ਨੇ ਐਨ.ਪੀ.ਟੀ.ਈ.ਐਲ. ਆਨਲਾਈਨ ਸਰਟੀਫਿਕੇਸ਼ਨ ਪ੍ਰੀਖਿਆਵਾਂ 'ਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ 253 ਸਿਲਵਰ ਮੈਡਲ, 180 ਗੋਲਡ ਮੈਡਲ ਅਤੇ 54 ਟੌਪਰ ਪੁਜ਼ੀਸ਼ਨਾਂ ਹਾਸਿਲ ਕੀਤੀਆਂ ਹਨ | ਇਹ ਨਤੀਜੇ ਵਿਦਿਆਰਥੀਆਂ ਦੀ ਮਿਹਨਤ, ਅਕਾਦਮਿਕ ਉਤਕਿ੍ਸ਼ਟਤਾ ਅਤੇ ਤਕਨੀਕੀ ਗਿਆਨ ਪ੍ਰਤੀ ਉਨ੍ਹਾਂ ਦੀ ਵਚਨਬੱਧਤਾ ਨੂੰ ਦਰਸਾਉਂਦੇ ਹਨ | ਜੀ.ਐਨ.ਡੀ.ਈ.ਸੀ. ਦੇ ਪਿ੍ੰਸੀਪਲ ਡਾ. ਸਹਿਜਪਾਲ ਸਿੰਘ ਨੇ ਉਕਤ ਉਪਲਬਧੀ ਲਈ ਵਿਦਿਆਰਥੀਆਂ, ਫੈਕਲਟੀ ਮੈਂਬਰਾਂ, ਮੈਨਟਰਾਂ ਅਤੇ ਐਨ.ਪੀ.ਟੀ.ਈ.ਐਲ. ਲੋਕਲ ਚੈਪਟਰ ਦੇ ਐਸ.ਪੀ.ਓ.ਸੀ. ਨੂੰ ਵਧਾਈ ਦਿੰਦਿਆਂ ਉਨ੍ਹਾਂ ਕਿਹਾ ਕਿ ਉਕਤ ਕੋਰਸਾਂ ਨੇ ਵਿਦਿਆਰਥੀਆਂ ਦੇ ਤਕਨੀਕੀ ਗਿਆਨ, ਵਿਸ਼ਲੇਸ਼ਣਾਤਮਿਕ ਸੋਚ ਅਤੇ ਉਦਯੋਗਿਕ ਤਿਆਰੀ ਨੂੰ ਹੋਰ ਮਜ਼ਬੂਤ ਕੀਤਾ ਹੈ ਅਤੇ ਇਹ ਕੋਰਸ ਕ੍ਰੈਡਿਟ ਟਰਾਂਸਫ਼ਰ ਫਰੇਮਵਰਕ ਤਹਿਤ ਵਿਦਿਆਰਥੀਆਂ ਲਈ ਹੋਰ ਲਾਭਕਾਰੀ ਸਾਬਤ ਹੋ ਰਹੇ ਹਨ | ਇਸ ਸਫਲਤਾ ਵਿਚ ਲੋਕਲ ਚੈਪਟਰ ਦੇ ਐਸ.ਪੀ.ਓ.ਸੀ. ਪ੍ਰੋ. ਲਖਵੀਰ ਸਿੰਘ ਖ਼ਾਨਾ ਦੀ ਮਹੱਤਵਪੂਰਨ ਭੂਮਿਕਾ ਰਹੀ | ਉਨ੍ਹਾਂ ਦੀ ਅਗਵਾਈ, ਮਾਰਗਦਰਸ਼ਨ, ਜਾਗਰੂਕਤਾ ਸੈਸ਼ਨਾਂ ਅਤੇ ਬਿਹਤਰ ਤਾਲਮੇਲ ਕਾਰਨ ਵਿਦਿਆਰਥੀਆਂ ਨੇ ਆਈ.ਆਈ.ਟੀ. ਵਲੋਂ ਪੇਸ਼ ਕੀਤੇ ਕੋਰਸਾਂ ਵਿਚ ਵੱਡੀ ਗਿਣਤੀ ਵਿਚ ਭਾਗ ਲਿਆ ਅਤੇ ਸ਼ਾਨਦਾਰ ਪ੍ਰਦਰਸ਼ਨ ਕੀਤਾ | ਇਸ ਮੌਕੇ ਕਾਲਜ ਪ੍ਰਸ਼ਾਸਨ ਨੇ ਫੈਕਲਟੀ ਮੈਨਟਰਾਂ ਅਤੇ ਵੱਖ ਵੱਖ ਵਿਭਾਗਾਂ ਦੇ ਕੋਆਰਡੀਨੇਟਰਾਂ ਦੇ ਯੋਗਦਾਨ ਦੀ ਵੀ ਸ਼ਲਾਘਾ ਕੀਤੀ | ਇਹ ਪ੍ਰਾਪਤੀ ਜੀ.ਐਨ.ਡੀ.ਈ.ਸੀ. ਦੀ ਆਨਲਾਈਨ ਅਤੇ ਤਕਨਾਲੋਜੀ ਆਧਾਰਿਤ ਸਿੱਖਿਆ ਵਿਚ ਉਤਕਿ੍ਸ਼ਟਤਾ ਨੂੰ ਉਤਸ਼ਾਹਿਤ ਕਰਨ ਵਾਲੀ ਪ੍ਰਮੁੱਖ ਸੰਸਥਾ ਵਜੋਂ ਪਛਾਣ ਨੂੰ ਹੋਰ ਮਜ਼ਬੂਤ ਕਰਦੀ ਹੈ |