ਲੁਧਿਆਣਾ, 12 ਜੂਨ (ਪਰਮਿੰਦਰ ਸਿੰਘ ਆਹੂਜਾ)-ਸੀ.ਬੀ.ਐਸ.ਈ. ਦੀ ਮਾਨਤਾ ਦਾ ਝੂਠਾ ਦਾਅਵਾ ਕਰਕੇ ਲੋਕਾਂ ਨਾਲ ਧੋਖਾਧੜੀ ਕਰਨ ਵਾਲੇ ਸਕੂਲ ਪ੍ਰਬੰਧਕ ਪਤੀ-ਪਤਨੀ ਖ਼ਿਲਾਫ਼ ਪੁਲਿਸ ਨੇ ਕੇਸ ਦਰਜ ਕੀਤਾ ਹੈ | ਪੁਲਿਸ ਵਲੋਂ ਇਹ ਕਾਰਵਾਈ ਗੁਰਬਖਸ਼ ਸਿੰਘ ਵਾਸੀ ਮਹਾਰਾਜ ਨਗਰ ਦੀ ਸ਼ਿਕਾਇਤ 'ਤੇ ਅਮਲ 'ਚ ਲਿਆਂਦੀ ਹੈ ਅਤੇ ਪੁਲਿਸ ਵਲੋਂ ਲੁਹਾਰਾ ਸਥਿਤ ਸਕੂਲ ਚਲਾ ਰਹੇ ਸੁਰਿੰਦਰ ਸਿੰਗਲਾ ਪੁੱਤਰ ਤੇਲੂਰਾਮ ਅਤੇ ਉਸ ਦੀ ਪਤਨੀ ਅਨੀਤਾ ਸਿੰਗਲਾ ਵਾਸੀ ਪਿੰਡ ਬੁਲਾਰਾ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ | ਪੁਲਿਸ ਪਾਸ ਲਿਖਵਾਈ ਮੁੱਢਲੀ ਰਿਪੋਰਟ ਵਿਚ ਸ਼ਿਕਾਇਤਕਰਤਾ ਨੇ ਦੱਸਿਆ ਕਿ ਉਕਤ ਕਥਿਤ ਦੋਸ਼ੀ ਗਲੋਬਲ ਸਪਾਰਕ ਕਾਨਵੈਂਟ ਇੰਟਰਨੈਸ਼ਨਲ ਸਕੂਲ ਚਲਾ ਰਹੇ ਹਨ ਅਤੇ ਬੱਚਿਆਂ ਨੂੰ ਦਾਖਲ ਕਰਨ ਸਮੇਂ ਇਹ ਕਥਿਤ ਦੋਸ਼ੀ ਸੀ.ਬੀ.ਐਸ.ਈ. ਤੋਂ ਮਾਨਤਾ ਪ੍ਰਾਪਤ ਸਕੂਲ ਹੋਣ ਦਾ ਦਾਅਵਾ ਕਰਦੇ ਸਨ ਅਤੇ ਲੋਕਾਂ ਨੂੰ ਆਪਣੇ ਜਾਲ 'ਚ ਫਸਾ ਕੇ ਉਨ੍ਹਾਂ ਪਾਸੋਂ ਮੋਟੀਆਂ ਫ਼ੀਸਾਂ ਵਸੂਲ ਕਰ ਲੈਂਦੇ ਸਨ | ਉਨ੍ਹਾਂ ਦੱਸਿਆ ਕਿ ਜਦਕਿ ਕਥਿਤ ਦੋਸ਼ੀਆਂ ਦਾ ਸਕੂਲ ਮਾਨਤਾ ਪ੍ਰਾਪਤ ਨਹੀਂ ਸੀ | ਸ਼ਿਕਾਇਤਕਰਤਾ ਵਲੋਂ ਇਹ ਪਤਾ ਲੱਗਣ 'ਤੇ ਸਾਰਾ ਮਾਮਲਾ ਪੁਲਿਸ ਦੇ ਉੱਚ ਅਧਿਕਾਰੀਆਂ ਦੇ ਧਿਆਨ ਵਿਚ ਲਿਆਂਦਾ ਤਾਂ ਪੁਲਿਸ ਵਲੋਂ ਕਾਰਵਾਈ ਕਰਦਿਆਂ ਇਸ ਮਾਮਲੇ ਵਿਚ ਕੇਸ ਦਰਜ ਕਰ ਲਿਆ | ਹਾਲ ਦੀ ਘੜੀ ਇਸ ਮਾਮਲੇ ਵਿਚ ਗਿ੍ਫ਼ਤਾਰੀ ਨਹੀਂ ਕੀਤੀ ਗਈ ਹੈ | ਗੁਰਬਖਸ਼ ਸਿੰਘ ਨੇ ਕਿਹਾ ਕਿ ਲਗਭਗ ਦੋ ਮਹੀਨੇ ਪਹਿਲਾਂ ਉਹ ਆਪਣੀ ਧੀ ਦੀ ਪਹਿਲੀ ਜਮਾਤ 'ਚ ਦਾਖ਼ਲੇ ਲਈ ਸਬੰਧਿਤ ਸਕੂਲ ਗਿਆ ਸੀ | ਲੋੜੀਂਦੀਆਂ ਕਾਰਵਾਈ ਪੂਰੀਆਂ ਕਰਨ ਤੋਂ ਬਾਅਦ ਦਾਖਲਾ ਕੀਤਾ ਗਿਆ ਸੀ | ਉਨ੍ਹਾਂ ਨੂੰ ਦੱਸਿਆ ਗਿਆ ਕਿ ਸਕੂਲ ਸੀ.ਬੀ.ਐਸ.ਈ. ਨਾਲ ਸੰਬੰਧਿਤ ਹੈ | ਬਾਅਦ ਵਿਚ ਉਸ ਨੂੰ ਪਤਾ ਲੱਗਿਆ ਕਿ ਇਹ ਸਕੂਲ ਸੀ.ਬੀ.ਐਸ.ਈ. ਤੋਂ ਮਾਨਤਾ ਪ੍ਰਾਪਤ ਨਹੀਂ ਹੈ, ਜਦੋਂ ਉਸ ਨੇ ਸੀ.ਬੀ.ਐਸ.ਈ. ਦੀ ਅਧਿਕਾਰਤ ਵੈੱਬਸਾਈਟ ਦੀ ਪੜਚੋਲ ਕੀਤੀ, ਜਿੱਥੇ ਇਸ ਸਕੂਲ ਦਾ ਨਾਂਅ ਲੁਧਿਆਣਾ ਦੇ ਰਜਿਸਟਰਡ ਸਕੂਲਾਂ ਦੀ ਸੂਚੀ ਵਿਚ ਨਹੀਂ ਸੀ | ਇਸ ਤੋਂ ਬਾਅਦ ਉਹ ਸਕੂਲ ਵਾਪਸ ਗਿਆ ਅਤੇ ਉਨ੍ਹਾਂ ਤੋਂ ਇਸ ਬਾਰੇ ਪੁੱਛਗਿੱਛ ਕੀਤੀ | ਸਕੂਲ ਪ੍ਰਬੰਧਕਾਂ ਨੇ ਉਸ ਨੂੰ ਦੱਸਿਆ ਕਿ ਉਨ੍ਹਾਂ ਦਾ ਸਕੂਲ 'ਸੀ.ਬੀ.ਐਸ.ਈ. ਨਾਲ ਸੰਬੰਧਿਤ' ਹੈ | ਉਨ੍ਹਾਂ ਅੱਗੇ ਕਿਹਾ ਕਿ ਅਗਲੇ ਕੁੱਝ ਮਹੀਨਿਆਂ ਵਿਚ ਇਕ ਸੀ.ਬੀ.ਐਸ.ਈ. ਟੀਮ ਸਕੂਲ ਦਾ ਦੌਰਾ ਕਰੇਗੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਮਾਨਤਾ ਮਿਲ ਜਾਵੇਗੀ | ਇਹ ਸਕੂਲ ਪਿਛਲੇ ਪੰਜ ਸਾਲਾਂ ਤੋਂ ਇੱਥੇ ਚੱਲ ਰਿਹਾ ਹੈ ਅਤੇ ਸੀਨੀਅਰ ਸੈਕੰਡਰੀ ਸਕੂਲ ਹੈ, ਜਿਸ ਵਿਚ ਲਗਭਗ 600 ਵਿਦਿਆਰਥੀ ਪੜ੍ਹ ਰਹੇ ਹਨ, ਜਦੋਂ ਹੋਰ ਜਾਂਚ ਕੀਤੀ ਗਈ ਤਾਂ ਸਕੂਲ ਪ੍ਰਬੰਧਕ ਵਿਦਿਆਰਥੀਆਂ ਨੂੰ ਕਿਸੇ ਹੋਰ ਸਕੂਲ ਵਿਚ ਲੈ ਜਾਂਦਾ ਸੀ, ਜਿੱਥੇ ਉਹ ਪੀ.ਐਸ.ਈ.ਬੀ. ਅਧੀਨ ਪ੍ਰੀਖਿਆਵਾਂ ਦਿੰਦੇ ਸਨ | ਜ਼ਿਲ੍ਹਾ ਸਿੱਖਿਆ ਦਫ਼ਤਰ ਕੋਲ ਸ਼ਿਕਾਇਤ ਦਰਜ ਕਰਵਾਈ, ਪਰ ਉਨ੍ਹਾਂ ਨੇ ਕੁਝ ਨਹੀਂ ਕੀਤਾ | ਦਰਅਸਲ ਸਕੂਲ ਅਧਿਕਾਰੀਆਂ ਤੋਂ ਸਮਝੌਤੇ ਲਈ ਫ਼ੋਨ ਆਉਣੇ ਸ਼ੁਰੂ ਹੋ ਗਏ | ਫਿਰ ਉਸ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ | ਗੁਰਬਖਸ਼ ਸਿੰਘ ਨੇ ਕਿਹਾ ਕਿ ਇਸ ਖੇਤਰ ਵਿਚ ਜ਼ਿਆਦਾਤਰ ਆਬਾਦੀ ਅਨਪੜ੍ਹ ਅਤੇ ਪ੍ਰਵਾਸੀ ਮਜ਼ਦੂਰ ਹਨ, ਜੋ ਕਿ 'ਮਾਨਤਾ' ਅਤੇ 'ਗੈਰ ਮਾਨਤਾ' ਪ੍ਰਾਪਤ ਸਕੂਲਾਂ ਵਿਚ ਫਰਕ ਨਹੀਂ ਸਮਝਦੇ, ਜਦਕਿ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਉਪਰੰਤ ਅਗਲੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ |