ਲੁਧਿਆਣਾ, 12 ਜੂਨ (ਪਰਮਿੰਦਰ ਸਿੰਘ ਆਹੂਜਾ)-ਪੁਲਿਸ ਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਇਕ ਨੌਜਵਾਨ ਨੂੰ ਕਾਬੂ ਕਰਕੇ ਉਸ ਦੇ ਕਬਜ਼ੇ 'ਚੋਂ ਹੈਰੋਇਨ ਅਤੇ ਇਕ ਲੱਖ ਰੁਪਏ ਦੀ ਨਕਦੀ ਬਰਾਮਦ ਕੀਤੀ ਹੈ | ਜਾਣਕਾਰੀ ਅਨੁਸਾਰ ਪੁਲਿਸ ਵਲੋਂ ਕਾਬੂ ਕੀਤੇ ਗਏ ਕਥਿਤ ਦੋਸ਼ੀ ਦੀ ਸ਼ਨਾਖਤ ਅੰਮਿ੍ਤਪਾਲ ਸ਼ਰਮਾ ਵਾਸੀ ਪਿੰਡ ਨੰਦਪੁਰ ਵਜੋਂ ਕੀਤੀ ਗਈ ਹੈ | ਪੁਲਿਸ ਨੇ ਉਸ ਨੂੰ ਮਜ਼ਾਰਾ ਰੋਡ ਨੇੜਿਓਾ ਉਸ ਵੇਲੇ ਕਾਬੂ ਕੀਤਾ, ਜਦੋਂ ਉਹ ਹੈਰੋਇਨ ਦੀ ਸਪਲਾਈ ਦੇਣ ਜਾ ਰਿਹਾ ਸੀ | ਪੁਲਿਸ ਨੇ ਜਦੋਂ ਉਸ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਕਥਿਤ ਦੋਸ਼ੀ ਉਥੋਂ ਭੱਜ ਪਿਆ | ਪਿੱਛਾ ਕਰਨ 'ਤੇ ਪੁਲਿਸ ਨੇ ਉਸ ਨੂੰ ਕਾਬੂ ਕਰ ਲਿਆ | ਤਲਾਸ਼ੀ ਲੈਣ ਉਪਰੰਤ ਉਸ ਦੇ ਕਬਜ਼ੇ ਵਿਚੋਂ ਅੱਠ ਗ੍ਰਾਮ ਹੈਰੋਇਨ ਅਤੇ ਇਕ ਲੱਖ ਰੁਪਏ ਦੀ ਨਗਦੀ ਬਰਾਮਦ ਕੀਤੀ ਗਈ | ਪੁਲਿਸ ਉਸ ਪਾਸੋਂ ਹੋਰ ਵੀ ਪੁੱਛ ਪੜਤਾਲ ਕਰ ਰਹੀ ਹੈ, ਕਈ ਹੋਰ ਪ੍ਰਗਟਾਵੇ ਹੋਣ ਦੀ ਸੰਭਾਵਨਾ ਹੈ |