ਕੌਂਸਲਰ ਜਗਮੀਤ ਸਿੰਘ ਨੋਨੀ ਨੇ ਵਾਰਡ ਨੰਬਰ 42 ਦੇ ਵੱਖ-ਵੱਖ ਆਂਗਣਵਾੜੀ ਸੈਂਟਰਾਂ ’ਚ ਜਾ ਕੇ ਕੀਤਾ ਅਚਨਚੇਤ ਦੌਰਾ
ਅਜੀਤ ਡੈਸਕ
19-06-2026
ਡਾਬਾ/ਲੁਹਾਰਾ, 18 ਜੂਨ (ਕੁਲਵੰਤ ਸਿੰਘ ਸੱਪਲ)-ਵਾਰਡ ਨੰਬਰ 42 ਦੇ ਲੋਕਪ੍ਰਿਯ ਅਤੇ ਹਰ ਸਮੇਂ ਲੋਕਾਂ ਦੀ ਸੇਵਾ ਲਈ ਸਮਰਪਿਤ ਕੌਂਸਲਰ ਜਗਮੀਤ ਸਿੰਘ ਨੋਨੀ ਵਲੋਂ ਅੱਜ ਵਾਰਡ ਅਧੀਨ ਪੈਂਦੇ ਵੱਖ-ਵੱਖ ਆਂਗਣਵਾੜੀ ਸੈਂਟਰਾਂ ਦਾ ਅਚਨਚੇਤ ਦੌਰਾ ਕੀਤਾ ਗਿਆ। ਇਸ ਦੌਰੇ ਦਾ ਮੁੱਖ ਉਦੇਸ਼ ਪੰਜਾਬ ਸਰਕਾਰ ਵਲੋਂ ਚਲਾਈ ਜਾ ਰਹੀ “ਮਾਵਾਂ ਧੀਆਂ ਦੇ ਸਤਿਕਾਰ ਯੋਜਨਾ” ਤਹਿਤ ਭਰੇ ਜਾ ਰਹੇ ਫਾਰਮਾਂ ਦੀ ਪ੍ਰਕਿਰਿਆ ਦਾ ਜਾਇਜ਼ਾ ਲੈਣਾ ਅਤੇ ਲੋਕਾਂ ਨੂੰ ਮਿਲ ਰਹੀਆਂ ਸਹੂਲਤਾਂ ਦੀ ਜਾਂਚ ਕਰਨਾ ਸੀ। ਇਸ ਦੌਰਾਨ ਕੌਂਸਲਰ ਜਗਮੀਤ ਸਿੰਘ ਨੋਨੀ ਵਲੋਂ ਵਾਰਡ ਦੇ ਕਈ ਸੈਂਟਰਾਂ ਦਾ ਨਿਰੀਖਣ ਕੀਤਾ ਗਿਆ, ਜਿਨ੍ਹਾਂ ਵਿਚ ਆਂਗਣਵਾੜੀ ਸੈਂਟਰ ਨੰਬਰ 36 (ਆਸ਼ਾ ਵਰਕਰ-ਆਸ਼ਾ ਰਾਣੀ), ਸੈਂਟਰ ਨੰਬਰ 38 (ਕੁਲਦੀਪ ਕੌਰ) ਅਤੇ ਸੈਂਟਰ ਨੰਬਰ 101 (ਰਾਣੀ ਦੇਵੀ) ਸ਼ਾਮਿਲ ਸਨ। ਉਨ੍ਹਾਂ ਨੇ ਮੌਕੇ ‘ਤੇ ਮੌਜੂਦ ਸਟਾਫ਼ ਨਾਲ ਗੱਲਬਾਤ ਕਰਦਿਆਂ ਚੱਲ ਰਹੇ ਕੰਮਕਾਜ ਬਾਰੇ ਜਾਣਕਾਰੀ ਲਈ ਅਤੇ ਫਾਰਮ ਭਰਨ ਦੀ ਪ੍ਰਕਿਰਿਆ ਦੀ ਪੜਤਾਲ ਕੀਤੀ। ਕੌਂਸਲਰ ਜਗਮੀਤ ਸਿੰਘ ਨੋਨੀ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਮਾਵਾਂ ਧੀਆਂ ਦੇ ਸਤਿਕਾਰ ਯੋਜਨਾ ਮਹਿਲਾਵਾਂ ਅਤੇ ਧੀਆਂ ਦੇ ਸਨਮਾਨ ਅਤੇ ਉਨ੍ਹਾਂ ਦੀ ਭਲਾਈ ਲਈ ਬਹੁਤ ਹੀ ਮਹੱਤਵਪੂਰਨ ਯੋਜਨਾ ਹੈ। ਇਲਾਕਾ ਨਿਵਾਸੀਆਂ ਨੇ ਇਸ ਦੌਰੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਜਨ ਪ੍ਰਤਿਨਿਧੀ ਜੋ ਲੋਕਾਂ ਵਿਚ ਰਹਿ ਕੇ ਕੰਮ ਕਰਦੇ ਹਨ, ਉਹੀ ਅਸਲ ਮਾਇਨੇ ਵਿਚ ਇਲਾਕੇ ਦਾ ਵਿਕਾਸ ਕਰ ਸਕਦੇ ਹਨ।