ਲੁਧਿਆਣਾ, 27 ਜੂਨ (ਡਾ: ਤਰਲੋਚਨ ਸਿੰਘ)-ਸਿਵਲ ਹਸਪਤਾਲ ਲੁਧਿਆਣਾ ਦੀ ਪਾਰਕਿੰਗ ਵਿਚ ਨਸ਼ੇ ਵਿਚ ਧੁੱਤ ਪਏ ਨੌਜਵਾਨ ਦੀ ਵੀਡੀਓ ਪੂਰਾ ਦਿਨ ਚਰਚਾ ਦਾ ਵਿਸ਼ਾ ਬਣੀ ਰਹੀ। ਵੀਡੀਓ ਵਾਇਰਲ ਹੋਣ ਤੋਂ ਬਾਅਦ ਹਸਪਤਾਲ ਪ੍ਰਸ਼ਾਸਨ ਕੁੰਭਕਰਨੀ ਨੀਂਦ ਤੋਂ ਜਾਗਿਆ ਅਤੇ ਇਸ ਪੂਰੇ ਮਾਮਲੇ ਵਿਚ ਗੰਭੀਰਤਾ ਨਾਲ ਜਾਂਚ ਕਰਨ ਦੇ ਆਦੇਸ਼ ਦਿੱਤੇ। ਨਸ਼ੇ ’ਚ ਧੁੱਤ ਪਏ ਨੌਜਵਾਨ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਦੇ ਆਗੂ ਗੁਰਦੇਵ ਸ਼ਰਮਾ ਦੇਬੀ ਨੇ ਸਰਕਾਰ ਨੂੰ ਆੜੇ ਹੱਥੀਂ ਲੈਂਦਿਆਂ ਕਿਹਾ ਕਿ ਇਕ ਪਾਸੇ ਮੁੱਖ ਮੰਤਰੀ ਵਲੋਂ ‘ਸੂਰਮਾ’ ਮੁਹਿੰਮ ਤਹਿਤ ਨਸ਼ਾ ਛੱਡ ਚੁੱਕੇ ਨੌਜਵਾਨਾਂ ਨੂੰ ਸਨਮਾਨਿਤ ਕੀਤਾ ਜਾ ਰਿਹਾ ਹੈ, ਜਦਕਿ ਦੂਜੇ ਪਾਸੇ ਨਸ਼ੇ ਨਾਲ ਮਾਵਾਂ ਦੇ ਪੁੱਤ ਅਜਾਈਂ ਮੌਤ ਮਰ ਰਹੇ ਹਨ, ਜਿਨ੍ਹਾਂ ਵੱਲ ਸਰਕਾਰ ਨੂੰ ਧਿਆਨ ਦੇਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਅੱਜ ਨਸ਼ੇ ’ਚ ਧੁੱਤ ਨੌਜਵਾਨ ਦੀ ਵਾਇਰਲ ਹੋਈ ਵੀਡੀਓ ਨੇ ਸਰਕਾਰ ਅਤੇ ਸਿਹਤ ਪ੍ਰਸ਼ਾਸਨ ਦਾ ਅਸਲੀ ਚਿਹਰਾ ਲੋਕਾਂ ਸਾਹਮਣੇ ਲੈ ਆਂਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰੀ ਹਸਪਤਾਲ ਦੀ ਪਾਰਕਿੰਗ ਵਿਚ ਨੌਜਵਾਨ ਨਸ਼ਾ ਕਰਨ ਲੱਗ ਜਾਣ ਅਤੇ ਸਿਹਤ ਪ੍ਰਸ਼ਾਸਨ ਪੂਰੀ ਤਰ੍ਹਾਂ ਇਸ ਮਾਮਲੇ ਤੋਂ ਅਣਜਾਣ ਹੋਵੇ, ਇਹ ਆਪਣੇ ਆਪ ’ਚ ਹੀ ਇਕ ਗੰਭੀਰ ਚਿੰਤਾ ਦਾ ਵਿਸ਼ਾ ਹੈ। ਇਸ ਸਬੰਧੀ ਜਦੋਂ ਐਸ.ਐਮ.ਓ. ਡਾ: ਅਖਿਲ ਸਰੀਨ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ।