11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-07-2026

ਮੰਦੀ ਬਿਜਲੀ ਸਪਲਾਈ ਖ਼ਿਲਾਫ਼ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵਲੋਂ ਰੋਸ ਧਰਨਾ

Ad Position 21
No active advertisement
ਅਜੀਤ ਡੈਸਕ 01-07-2026
ਆਲਮਗੀਰ, 30 ਜੂਨ (ਜਰਨੈਲ ਸਿੰਘ ਪੱਟੀ)-ਝੋਨੇ ਦੇ ਸੀਜ਼ਨ ਦੌਰਾਨ ਬਿਜਲੀ ਵਿਭਾਗ ਵਲੋਂ ਕਿਸਾਨਾਂ ਨੂੰ ਲੋੜੀਂਦੀ ਪੂਰੀ ਬਿਜਲੀ ਸਪਲਾਈ ਨਾ ਮਿਲਣ ਦੇ ਰੋਸ ਵਜੋਂ ਸਥਾਨਕ ਪਿੰਡ ਜਸਪਾਲ ਬਾਂਗਰ, ਬੁਲਾਰਾ, ਆਲਮਗੀਰ, ਚੁਪਕੀ ਦਲੇਅ ਅਤੇ ਨਜ਼ਦੀਕੀ ਪਿੰਡਾਂ ਦੇ ਕਿਸਾਨਾਂ ਵਲੋਂ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੀ ਅਗਵਾਈ ਹੇਠ ਬਿਜਲੀ ਦਫ਼ਤਰ ਆਲਮਗੀਰ ਸਾਹਮਣੇ ਵਿਸ਼ਾਲ ਰੋਸ ਧਰਨਾ ਪ੍ਰਦਰਸ਼ਨ ਕੀਤਾ । ਰੋਸ ਧਰਨੇ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਅਮਨਦੀਪ ਸਿੰਘ ਲਲਤੋਂ, ਦਰਸ਼ਨ ਸਿੰਘ ਆਲਮਗੀਰ ਤੇ ਬਲਾਕ ਸਕੱਤਰ ਅਜੀਤ ਸਿੰਘ ਧਾਂਦਰਾ ਨੇ ਕਿਹਾ ਕਿ ਝੋਨੇ ਦੇ ਸੀਜ਼ਨ ਦੌਰਾਨ ਬਿਜਲੀ ਸਪਲਾਈ ਪੱਖੋਂ ਕਿਸਾਨਾਂ ਨਾਲ ਖੇਡੀ ਜਾ ਰਹੀ ਅੱਖ ਮਿਚੋਲੀ ਅਤੇ ਮੰਦੀ ਬਿਜਲੀ ਸਪਲਾਈ ਕਾਰਨ ਕਿਸਾਨਾਂ ਨੂੰ ਭਾਰੀ ਆਰਥਿਕ ਨੁਕਸਾਨ ਝੱਲਣ ਨੂੰ ਮਜਬੂਰ ਹੋਣਾ ਪੈ ਰਿਹਾ ਹੈ। ਉਕਤ ਆਗੂਆਂ ਨੇ ਦੋਸ਼ ਲਗਾਇਆ ਕਿ ਬਿਜਲੀ ਇਕ ਘੰਟਾ ਆਉਂਦੀ ਹੈ ਅਤੇ ਦੋ ਘੰਟੇ ਠੱਪ ਰਹਿੰਦੀ ਹੈ, ਜਿਸ ਕਾਰਨ ਕਿਸਾਨਾਂ ਨੂੰ ਪੂਰੀ ਬਿਜਲੀ ਨਾ ਮਿਲਣ ਕਾਰਨ ਝੋਨੇ ਦੀ ਫ਼ਸਲ ਸੁੱਕਣ ਕਿਨਾਰੇ ਪਹੁੰਚ ਚੁੱਕੀ ਹੈ ਅਤੇ ਕਈ ਕਿਸਾਨਾਂ ਨੂੰ ਖੇਤ ਵਿਚ ਦੁਬਾਰਾ ਕੱਦੂ ਕਰਨ ਨੂੰ ਮਜਬੂਰ ਹੋਣਾ ਪਿਆ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਵਾਰ-ਵਾਰ ਬਿਜਲੀ ਕੱਟਾਂ ਅਤੇ ਘੱਟ ਵੋਲਟੇਜ ਕਾਰਨ ਫ਼ਸਲਾਂ ਦੀ ਸਿੰਚਾਈ ਪ੍ਰਭਾਵਿਤ ਹੋ ਰਹੀ ਹੈ। ਧਰਨੇ ਦੌਰਾਨ ਕਿਸਾਨ ਆਗੂਆਂ ਨੇ ਐਸ.ਡੀ.ਓ. ਅਤੇ ਐਕਸੀਅਨ ਨੂੰ ਮੌਕੇ ’ਤੇ ਆ ਕੇ ਕਿਸਾਨਾਂ ਦੇ ਸਨਮੁੱਖ ਮਾੜੀ ਬਿਜਲੀ ਸਪਲਾਈ ਸਬੰਧੀ ਆਪਣਾ ਸਪਸ਼ਟੀਕਰਨ ਦੇਣ ਦੀ ਮੰਗ ਕੀਤੀ। ਇਸ ਮੌਕੇ ਗੋਰਾ ਖੇੜੀ, ਬੂਟਾ ਸਿੰਘ ਧਾਂਦਰਾ, ਅਵਤਾਰ ਸਿੰਘ ਗਿੱਲ, ਬਲਵੰਤ ਸਿੰਘ, ਤੇਜੀ ਮਹਿਮੂਦਪੁਰ ਸਮੇਤ ਵੱਡੀ ਗਿਣਤੀ ਵਿਚ ਕਿਸਾਨ ਹਾਜ਼ਰ ਸਨ।
ਕੀ ਕਿਹਾ ਐਸ.ਡੀ.ਓ. ਮੋਹਨਪ੍ਰੀਤ ਸਿੰਘ ਨੇ
ਰੋਸ ਧਰਨੇ ਦੌਰਾਨ ਕਿਸਾਨਾਂ ਦੀਆਂ ਮੰਗਾਂ ਸੁਣਨ ਪਹੁੰਚੇ ਪਾਵਰਕਾਮ ਦੇ ਐਸ.ਡੀ.ਓ. ਮੋਹਨਪ੍ਰੀਤ ਸਿੰਘ ਨੇ ਕਿਸਾਨਾਂ ਨੂੰ ਭਰੋਸਾ ਦਿਵਾਇਆ ਕਿ ਵਿਭਾਗ ਉਨ੍ਹਾਂ ਦੀਆਂ ਜਾਇਜ਼ ਮੰਗਾਂ ਅਤੇ ਮੁਸ਼ਕਿਲਾਂ ਦੇ ਹੱਲ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਧਰਨੇ ਦੌਰਾਨ ਕਿਸਾਨਾਂ ਵਲੋਂ ਰੱਖੀਆਂ ਗਈਆਂ ਸਾਰੀਆਂ ਮੰਗਾਂ ਅਤੇ ਸ਼ਿਕਾਇਤਾਂ ਨੂੰ ਜਲਦ ਦੂਰ ਕਰਕੇ ਹਰ ਮਸਲੇ ਦਾ ਹੱਲ ਨਿਯਮਾਂ ਅਨੁਸਾਰ ਕੀਤਾ ਜਾਵੇਗਾ। ਐਸ.ਡੀ.ਓ. ਨੇ ਕਿਹਾ ਕਿ ਜਿੱਥੇ ਵੀ ਤਕਨੀਕੀ ਖ਼ਰਾਬੀ ਨੁਕਸ ਕਾਰਨ ਬਿਜਲੀ ਸਪਲਾਈ ਪ੍ਰਭਾਵਿਤ ਹੁੰਦੀ ਹੈ, ਉੱਥੇ ਵਿਭਾਗ ਦੀਆਂ ਟੀਮਾਂ ਤੁਰੰਤ ਮੌਕੇ ’ਤੇ ਭੇਜ ਕੇ ਫਾਲਟ ਠੀਕ ਕਰਵਾਇਆ ਜਾਵੇਗਾ ਅਤੇ ਸਪਲਾਈ ਬਹਾਲ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਗ੍ਰਿਡ ਦੀ ਸਮਰੱਥਾ ਅਤੇ ਲੋਡ ਨੂੰ ਧਿਆਨ ਵਿਚ ਰੱਖਦਿਆਂ ਕਿਸਾਨਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਦੇਣ ਲਈ ਵਿਭਾਗ ਯਤਨਸ਼ੀਲ ਹੈ, ਜਦਕਿ ਵਿਭਾਗ ਕੋਲ ਮੁਲਾਜ਼ਮਾਂ ਦੀ ਵੀ ਘਾਟ ਪਾਈ ਜਾ ਰਹੀ। ਕਿਸਾਨਾਂ ਵਲੋਂ ਕੁੱਝ ਅਧਿਕਾਰੀਆਂ ਅਤੇ ਕਰਮਚਾਰੀਆਂ ’ਤੇ ਰਿਸ਼ਵਤ ਮੰਗਣ ਅਤੇ ਲੋਕਾਂ ਦੀ ਸੁਣਵਾਈ ਨਾ ਕਰਨ ਦੇ ਲਗਾਏ ਦੋਸ਼ਾਂ ਸਬੰਧੀ ਐਸ.ਡੀ.ਓ. ਨੇ ਕਿਹਾ ਕਿ ਪੰਜਾਬ ਸਰਕਾਰ ਦੀ ਭ੍ਰਿਸ਼ਟਾਚਾਰ ਪ੍ਰਤੀ ‘ਜ਼ੀਰੋ ਟੋਲਰੈਂਸ’ ਨੀਤੀ ਹੈ। ਜੇਕਰ ਕਿਸੇ ਵੀ ਅਧਿਕਾਰੀ ਜਾਂ ਕਰਮਚਾਰੀ ਵਿਰੁੱਧ ਰਿਸ਼ਵਤ ਮੰਗਣ ਜਾਂ ਕਿਸੇ ਹੋਰ ਤਰ੍ਹਾਂ ਦੇ ਭ੍ਰਿਸ਼ਟਾਚਾਰ ਦੀ ਠੋਸ ਸ਼ਿਕਾਇਤ ਮਿਲਦੀ ਹੈ ਤਾਂ ਉਸ ਖ਼ਿਲਾਫ਼ ਬਿਨਾਂ ਕਿਸੇ ਪੱਖਪਾਤ ਦੇ ਸਖ਼ਤ ਵਿਭਾਗੀ ਕਾਰਵਾਈ ਕੀਤੀ ਜਾਵੇਗੀ।
Ad Position 22
No active advertisement
ਪਿਛਲੀ ਖ਼ਬਰ ‘ਮਾਵਾਂ ਧੀਆਂ ਦਾ ਸਤਿਕਾਰ’ ਯੋਜਨਾ ਨੂੰ ਲੈ ਕੇ ਔਰਤਾਂ ’ਚ ਭਾਰੀ ਉਤਸ਼ਾਹ ਅਗਲੀ ਖ਼ਬਰ ਛੇਵੇਂ ਪਾਤਿਸ਼ਾਹ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾਪੂਰਵਕ ਮਨਾਇਆ
Ad Position 24