ਲੁਧਿਆਣਾ, 30 ਜੂਨ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਰਿਸ਼ੀ ਨਗਰ ਵਾਈ ਬਲਾਕ ਵਿਚ ਚਾਰ ਅਣਪਛਾਤੇ ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਦੋ ਚਚੇਰੇ ਭਰਾਵਾਂ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ। ਹਮਲੇ ਵਿਚ ਦੋਵੇਂ ਗੰਭੀਰ ਜ਼ਖਮੀ ਹੋ ਗਏ। ਜ਼ਖਮੀਆਂ ਦੀ ਪਛਾਣ 20 ਸਾਲਾ ਪਵਨ ਅਤੇ 21 ਸਾਲਾ ਨੀਲੇਸ਼ ਵਜੋਂ ਹੋਈ ਹੈ, ਜੋ ਕਿ ਨਿਊ ਸੂਰਿਆ ਵਿਹਾਰ, ਪੰਚ ਪੀਰ ਰੋਡ ਦੇ ਰਹਿਣ ਵਾਲੇ ਹਨ। ਉਨ੍ਹਾਂ ਦੀ ਨਾਜ਼ੁਕ ਹਾਲਤ ਕਾਰਨ ਉਨ੍ਹਾਂ ਨੂੰ ਚੰਡੀਗੜ੍ਹ ਰੈਫ਼ਰ ਕਰ ਦਿੱਤਾ ਗਿਆ ਹੈ। ਜ਼ਖਮੀ ਪਵਨ ਨੇ ਦੱਸਿਆ ਕਿ ਉਸਦਾ ਚਚੇਰਾ ਭਰਾ ਨੀਲੇਸ਼ ਮਜ਼ਦੂਰੀ ਕਰਦਾ ਹੈ। ਉਹ ਸੋਮਵਾਰ ਰਾਤ ਕੰਮ ਤੋਂ ਘਰ ਵਾਪਸ ਆ ਰਿਹਾ ਸੀ। ਉਹ ਉਸ ਨੂੰ ਲੈਣ ਲਈ ਆਪਣੀ ਮੋਟਰਸਾਈਕਲ ‘ਤੇ ਗਿਆ। ਉਨ੍ਹਾਂ ਨੇ ਰਿਸ਼ੀ ਨਗਰ ਵਾਈ ਬਲਾਕ ਮਾਰਕੀਟ ਦੇ ਨੇੜੇ ਆਪਣਾ ਮੋਟਰਸਾਈਕਲ ਖੜ੍ਹਾ ਕੀਤਾ ਅਤੇ ਕੁੱਝ ਸਾਮਾਨ ਖ਼ਰੀਦਣ ਲਈ ਬਾਜ਼ਾਰ ਵੱਲ ਚਲਾ ਗਿਆ। ਇਸ ਦੌਰਾਨ ਦੋ ਮੋਟਰਸਾਈਕਲਾਂ ’ਤੇ ਚਾਰ ਨੌਜਵਾਨ ਉਥੇ ਆਏ ਅਤੇ ਉਨ੍ਹਾਂ ਦੇ ਮੋਬਾਈਲ ਖੋਹਣ ਦੀ ਕੋਸ਼ਿਸ਼ ਕੀਤੀ। ਜਦੋਂ ਦੋਵਾਂ ਭਰਾਵਾਂ ਨੇ ਵਿਰੋਧ ਕੀਤਾ ਤਾਂ ਮੁਲਜ਼ਮਾਂ ਨੇ ਉਨ੍ਹਾਂ ’ਤੇ ਚਾਕੂਆਂ ਨਾਲ ਹਮਲਾ ਕਰ ਦਿੱਤਾ। ਹਮਲੇ ਵਿਚ ਦੋਵੇਂ ਗੰਭੀਰ ਜ਼ਖਮੀ ਹੋ ਗਏ। ਘਟਨਾ ਤੋਂ ਬਾਅਦ, ਦੋਸ਼ੀ ਪਵਨ ਦੇ ਗਲੇ ਵਿਚੋਂ ਚਾਂਦੀ ਦੀ ਚੇਨ ਖੋਹ ਕੇ ਮੌਕੇ ਤੋਂ ਭੱਜ ਗਏ। ਘਟਨਾ ਤੋਂ ਬਾਅਦ, ਪਵਨ ਨੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਫ਼ੋਨ ਕਰਕੇ ਸੂਚਿਤ ਕੀਤਾ। ਪਰਿਵਾਰਕ ਮੈਂਬਰ ਮੌਕੇ ‘ਤੇ ਪਹੁੰਚੇ ਅਤੇ ਦੋਵਾਂ ਜ਼ਖਮੀਆਂ ਨੂੰ ਤੁਰੰਤ ਡੀ.ਐਮ.ਸੀ. ਹਸਪਤਾਲ ਲੈ ਗਏ। ਮੁੱਢਲੀ ਸਹਾਇਤਾ ਤੋਂ ਬਾਅਦ, ਉਨ੍ਹਾਂ ਨੂੰ ਦੇਰ ਰਾਤ ਸਿਵਲ ਹਸਪਤਾਲ ਭੇਜਿਆ ਗਿਆ। ਉਥੇ, ਡਾਕਟਰਾਂ ਨੇ ਦੋਵਾਂ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ, ਉਨ੍ਹਾਂ ਨੂੰ ਇਲਾਜ ਲਈ ਚੰਡੀਗੜ੍ਹ ਰੈਫ਼ਰ ਕਰ ਦਿੱਤਾ। ਸੂਚਨਾ ਮਿਲਦੇ ਪੁਲਿਸ ਅਧਿਕਾਰੀ ਮੌਕੇ ‘ਤੇ ਪਹੁੰਚੇ ਪੁਲਿਸ ਵਲੋਂ ਉਥੇ ਨੇੜੇ ਲੱਗੇ ਸੀ.ਸੀ. ਟੀਵੀ ਕੈਮਰਿਆਂ ਦੀ ਫੁਟੇਜ ਵੀ ਚੈਕ ਕੀਤੀ ਗਈ ਤਾਂ ਜੋ ਲੁਟੇਰਿਆਂ ਦਾ ਪਤਾ ਲਗਾਇਆ ਜਾ ਸਕੇ, ਪਰ ਪੁਲਿਸ ਨੂੰ ਸਫਲਤਾ ਨਹੀਂ ਮਿਲੀ ਸੀ।