ਲੁਧਿਆਣਾ, 30 ਜੂਨ (ਜਸਵਿੰਦਰ ਸਿੰਘ)-ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ ਦਾ ਇਕ ਵਫ਼ਦ ਐਸ.ਈ. ਸਰਕਲ ਸਬ ਅਰਬਨ ਜਸਵਿੰਦਰ ਸਿੰਘ ਨੂੰ ਐਸ.ਈ. ਹੈੱਡਕੁਆਟਰ ਵਿਖੇ ਜ਼ਿਲ੍ਹਾ ਪ੍ਰਧਾਨ ਗੁਰਦਿਆਲ ਸਿੰਘ ਤਲਵੰਡੀ ਅਤੇ ਜ਼ਿਲ੍ਹਾ ਸਕੱਤਰ ਜਸਦੇਵ ਸਿੰਘ ਲਲਤੋਂ ਦੀ ਅਗਵਾਈ ਵਿਚ ਬਹੁਤ ਹੀ ਸੰਜੀਦਾ ਅਤੇ ਨਿੱਘੇ ਮਾਹੌਲ ਵਿਚ ਮਿਲਿਆ। ਵਫ਼ਦ ਨੇ ਐਸ.ਈ. ਰਾਹੀਂ ਪਾਵਰਕਾਮ ਅਤੇ ਪੰਜਾਬ ਦੀ ਭਗਵੰਤ ਮਾਨ ਸਰਕਾਰ ਪਾਸੋਂ ਜ਼ੋਰਦਾਰ ਮੰਗ ਕੀਤੀ ਕਿ ਅੱਤ ਦੀ ਗਰਮੀ, ਝੋਨੇ ਦੀ ਲਵਾਈ ਦਾ ਸਿਖਰ, ਲੱਗ ਚੁੱਕੇ ਝੋਨੇ ਵਾਲੇ ਖੇਤਾਂ ਵਿਚ ਕਈ ਥਾਵਾਂ ‘ਤੇ ਪਾਟ ਰਹੀਆਂ ਤੇੜਾਂ, ਬਿਜਲੀ ਦੀ ਭਾਰੀ ਕਮੀ ਦੀ ਸੂਰਤ ਵਿਚ ਮੋਟਰਾਂ ਚਲਾਉਣ ਲਈ ਮਹਿੰਗਾ ਡੀਜ਼ਲ (ਹਜ਼ਾਰਾਂ ਰੁਪਏ ਪ੍ਰਤੀ ਏਕੜ) ਫੂਕੇ ਜਾਣ ਦੇ ਪ੍ਰਸੰਗ ਵਿਚ ਆਪ ਦੇ ਚੋਣ ਵਾਅਦਿਆਂ ਅਤੇ ਰੋਜ਼ਾਨਾ ਦੇ ਦਾਅਵਿਆਂ ਮੁਤਾਬਿਕ ਖੇਤੀ ਮੋਟਰਾਂ ਲਈ ਘੱਟੋ ਘੱਟ 8 ਘੰਟੇ ਬਿਜਲੀ ਲਾਜ਼ਮੀ ਯਕੀਨੀ ਬਣਾਈ ਜਾਵੇ। ਦੂਜੇ ਪਾਸੇ ਘਰੇਲੂ ਬਿਜਲੀ ਦੇ ਵੱਡੇ ਵੱਡੇ ਕੱਟ ਲੱਗਣ ਕਾਰਨ 44-45 ਡਿਗਰੀ ਸੈਲਸੀਅਸ ਤਾਪਮਾਨ ਦੀ ਸੂਰਤ ਵਿਚ ਬੱਚਿਆਂ, ਬਜ਼ੁਰਗਾਂ ਤੇ ਬਿਮਾਰਾਂ ਸਮੇਤ ਆਮ ਲੋਕਾਂ ਦਾ ਜਿਊਣਾ ਮੁਹਾਲ ਹੋਇਆ ਪਿਆ ਹੈ। ਘਰੇਲੂ ਸਪਲਾਈ ਦੇ ਵੱਡੇ ਕੱਟ ਵੀ ਫ਼ੌਰੀ ਬੰਦ ਕਰਕੇ ਸਥਿਤੀ ਨੂੰ ਸੁਧਾਰਿਆ ਜਾਵੇ। ਯੂਨੀਅਨ ਨੇ ਲਲਤੋਂ ਖ਼ੁਰਦ ਵਿਖੇ ਦੋ (ਇਕ ਸਾਬਕਾ ਸਰਪੰਚ ਮਹਿੰਦਰ ਸਿੰਘ ਬਿੱਲੂ ਦੇ ਘਰ ਨੇੜੇ ਤੇ ਇਕ ਬਾਗ਼ ਵਾਲੇ ਖੂਹ ਨੇੜੇ) ਅਤੇ ਢੱਟ ਵਿਖੇ ਇਕ ਨਵਾਂ ਟਰਾਂਸਫ਼ਾਰਮਰ ਲਾਉਣ ਦੀ ਜ਼ੋਰਦਾਰ ਅਤੇ ਫ਼ੌਰੀ ਮੰਗ ਕੀਤੀ। ਐਸ.ਈ. ਜਸਵਿੰਦਰ ਸਿੰਘ ਨੇ ਉਪਰੋਕਤ 3 ਟਰਾਂਸਫ਼ਾਰਮਰ ਫ਼ੌਰੀ ਲਾਉਣ ਦਾ ਯਕੀਨ ਦਵਾਇਆ ਤੇ ਬਾਕੀ ਮੰਗਾਂ ਪਾਵਰਕਾਮ ਅਤੇ ਪੰਜਾਬ ਸਰਕਾਰ ਨੂੰ ਅੱਜ ਹੀ ਭੇਜਣ ਦਾ ਭਰੋਸਾ ਦਿੱਤਾ। ਅੱਜ ਦੇ ਡੈਪੂਟੇਸ਼ਨ ‘ਚ ਹੋਰਨਾਂ ਤੋਂ ਇਲਾਵਾ ਜਸਵੰਤ ਸਿੰਘ ਮਾਨ, ਜਥੇਦਾਰ ਗੁਰਮੇਲ ਸਿੰਘ ਢੱਟ, ਹਰਪਾਲ ਸਿੰਘ ਸਵੱਦੀ, ਕੁਲਦੀਪ ਸਿੰਘ ਸਵੱਦੀ, ਗੁਰਚਰਨ ਸਿੰਘ ਤਲਵੰਡੀ, ਸੁਖਚੈਨ ਸਿੰਘ ਤਲਵੰਡੀ, ਅਮਰਜੀਤ ਸਿੰਘ ਖੰਜਰਵਾਲ, ਪਰਮਜੀਤ ਸਿੰਘ ਝਾਂਡੇ, ਨਿਰੰਜਨ ਸਿੰਘ ਕਲਾਰ, ਮਨਜੀਤ ਸਿੰਘ ਸਿਧਵਾਂ, ਗੁਰਸੇਵਕ ਸਿੰਘ ਸੋਨੀ ਸਵੱਦੀ ਤੇ ਲਛਮਣ ਸਿੰਘ ਸਿਧਵਾਂ ਸ਼ਾਮਿਲ ਹੋਏ।