ਲੁਧਿਆਣਾ, 30 ਜੂਨ (ਪਰਮਿੰਦਰ ਸਿੰਘ ਆਹੂਜਾ)-ਪੰਜਾਬ ਵਿਧਾਨ ਸਭਾ ਦੀ “ਅਧੀਨ ਵਿਧਾਨ ਕਮੇਟੀ” ਨੇ ਕੇਂਦਰੀ , ਜਨਾਨਾ ਅਤੇ ਬੋਰਸਟਲ ਜੇਲ੍ਹ ਦਾ ਨਿਰੀਖਣ ਕਰਕੇ ਕੈਦੀਆਂ ਅਤੇ ਵਿਚਾਰ ਅਧੀਨ ਕੈਦੀਆਂ ਲਈ ਸਹੂਲਤਾਂ ਦਾ ਮੁਲਾਂਕਣ ਕੀਤਾ।ਚੇਅਰਮੈਨ ਤੇ ਆਤਮ ਨਗਰ ਤੋਂ ਵਿਧਾਇਕ ਸ੍ਰੀ ਕੁਲਵੰਤ ਸਿੰਘ ਸਿੱਧੂ ਦੀ ਅਗਵਾਈ ਹੇਠਲੀ ਇਸ ਕਮੇਟੀ ਵਿੱਚ ਅੰਮ੍ਰਿਤਸਰ ਉੱਤਰੀ ਤੋਂ ਵਿਧਾਇਕ ਸ੍ਰੀ ਕੁੰਵਰ ਵਿਜੈ ਪ੍ਰਤਾਪ ਸਿੰਘ ਅਤੇ ਅਧਿਕਾਰੀ ਵੀ ਉਨਾਂ ਦੇ ਨਾਲ ਸਨ, ਕੁਲਵੰਤ ਸਿੰਘ ਸਿੱਧੂ ਵੱਲੋਂ ਇਸ ਮੌਕੇ ਜੇਲ ਅਧਿਕਾਰੀਆਂ ਨਾਲ ਇਕ ਮੀਟਿੰਗ ਕਰਕੇ ਕੈਦੀਆਂ ਅਤੇ ਵਿਚਾਰ ਅਧੀਨ ਕੈਦੀਆਂ ਨੂੰ ਜੇਲ੍ਹ ਦੇ ਹਸਪਤਾਲਾਂ ਅੰਦਰ ਦਿੱਤੀਆਂ ਜਾਂਦੀਆਂ ਡਾਕਟਰੀ ਸੇਵਾਵਾਂ ਬਾਰੇ ਵਿਸਤ੍ਰਿਤ ਜਾਣਕਾਰੀ ਇਕੱਠੀ ਕੀਤੀ, ਜਿਸ ਵਿੱਚ ਓਟ ਕਲੀਨਿਕ, ਐੱਚ.ਆਈ.ਵੀ ਲਈ ਐਂਟੀਰੇਟਰੋਵਾਇਰਲ ਥੈਰੇਪੀ (ਏ.ਆਰ.ਟੀ), ਟੀ.ਬੀ ਦੇ ਇਲਾਜ ਅਤੇ ਕਾਉਂਸਲਿੰਗ ਪ੍ਰੋਗਰਾਮ ਸ਼ਾਮਲ ਹਨ। ਉਨ੍ਹਾਂ ਨੇ ਜੇਲ੍ਹ ਦੇ ਹਸਪਤਾਲ ਵਿੱਚ ਤਾਇਨਾਤ ਮੈਡੀਕਲ ਸਟਾਫ਼ ਬਾਰੇ ਵੀ ਜਾਣਕਾਰੀ ਹਾਸਲ ਕੀਤੀ। ਉਨ੍ਹਾਂ ਨੇ ਜੇਲ੍ਹ ਵਿੱਚ ਤਾਇਨਾਤ ਸਟਾਫ਼ ਦਾ ਹਾਜ਼ਰੀ ਰਜਿਸਟਰ ਵੀ ਚੈੱਕ ਕੀਤਾ ਅਤੇ ਤਾਇਨਾਤ ਸਟਾਫ ਬਾਰੇ ਜਾਣਕਾਰੀ ਹਾਸਲ ਕੀਤੀ। ਚੇਅਰਮੈਨ ਸਿੱਧੂ ਨੇ ਕੇਂਦਰੀ ਜਨਾਨਾ ਅਤੇ ਬਰੋਸਟਲ ਜੇਲ ਦੇ ਬੰਦੀਆਂ ਨਾਲ ਵੀ ਮੁਲਾਕਾਤ ਕਰਕੇ ਉਹਨਾਂ ਦੀਆਂ ਸ਼ਿਕਾਇਤਾਂ ਸੁਣੀਆਂ ਅਤੇ ਜਲਦ ਹੱਲ ਕਰਨ ਦਾ ਭਰੋਸਾ ਦਿੱਤਾ। ਜੇਲ੍ਹ ਅਧਿਕਾਰੀਆਂ ਨੇ ਚੇਅਰਮੈਨ ਕੁਲਵੰਤ ਸਿੰਘ ਸਿੱਧੂ ਦੇ ਧਿਆਨ ਵਿੱਚ ਲਿਆਂਦਾ ਕਿ ਨਗਰ ਨਿਗਮ ਵੱਲੋਂ ਕੇਂਦਰੀ ਜੇਲ੍ਹ ਅੰਦਰੋਂ ਗਿਲਾ ਅਤੇ ਸੁੱਕਾ ਕੂੜਾ ਨਹੀਂ ਚੁੱਕਿਆ ਜਾਂਦਾ, ਜਿਸ ‘ਤੇ ਸਿੱਧੂ ਨੇ ਨਗਰ ਨਿਗਮ ਦੇ ਕਮਿਸ਼ਨਰ ਨੂੰ ਫੋਨ ‘ਤੇ ਹੀ ਕੇਂਦਰੀ ਜੇਲ੍ਹ ਦੇ ਅੰਦਰੋ ਰੌਜ਼ਾਨਾ ਗਿਲਾ ਅਤੇ ਸੁੱਕਾ ਕੂੜਾ ਚੁਕਾਉਣ ਲਈ ਆਦੇਸ਼ ਦਿੱਤੇ। ਕੇਂਦਰੀ ਜੇਲ੍ਹ ਅੰਦਰ ਕੈਦੀਆਂ ਨੇ ਸਿੱਧੂ ਨੂੰ ਮਾਤਾ-ਪਿਤਾ ‘ਤੇ ਆਪ ਲਿਖੇ ਗੀਤ ਸੁਣਾ ਕੇ ਸੱਭਿਆਚਾਰ ਦਾ ਭਰਪੂਰ ਰੰਗ ਬੰਨਿਆ। ਜਿਸ ‘ਤੇ ਕੁਲਵੰਤ ਸਿੰਘ ਸਿੱਧੂ ਨੇ ਉਨ੍ਹਾਂ ਦੀ ਸ਼ਲਾਘਾ ਕੀਤੀ। ਚੇਅਰਮੈਨ ਨੇ ਕੇਂਦਰੀ ਜੇਲ੍ਹ ਅੰਦਰ ਚੱਲ ਰਹੇ ਰੇਡੀਓ ਉਜਾਲਾ ਪੰਜਾਬ ਰਾਹੀਂ ਜੇਲ੍ਹਾਂ ਅੰਦਰ ਕੈਦੀਆਂ ਨੂੰ ਸੰਦੇਸ਼ ਦਿੱਤਾ ਅਤੇ ਆਪਣੇ ਦੋਰੇ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਲੁਧਿਆਣਾ ਡਾ. ਨਰਿੰਦਰ ਧਾਲੀਵਾਲ, ਉਪ ਮੰਡਲ ਮੈਜਿਸਟਰੇਟ ਜਸਲੀਨ ਕੌਰ ਭੁੱਲਰ, ਡੀ.ਆਈ.ਜੀ (ਜੇਲ੍ਹਾਂ) ਸ੍ਰੀ ਐਸ.ਐਸ.ਮੰਡ, ਏ.ਡੀ.ਸੀ.ਪੀ ਅਮਨਦੀਪ ਬਰਾੜ, ਸੀ.ਪੀ.ਓ ਮੁੱਖ ਦਫਤਰ ਚੰਡੀਗੜ (ਜੇਲ੍ਹਾਂ) ਕੰਵਰ ਵੀ.ਪੀ.ਸਿੰਘ, ਕੇਂਦਰੀ ਜੇਲ੍ਹ ਦੇ ਸੁਪਰਡੈਂਟ ਸ੍ਰੀ ਕੁਲਵੰਤ ਸਿੰਘ ਸਿੱਧੂ, ਅਡੀਸ਼ਨਲ ਜੇਲ੍ਹ ਸੁਪਰਡੈਂਟ ਬਲਵੀਰ ਸਿੰਘ, ਬੋਰਸਟਲ ਜੇਲ੍ਹ ਦੇ ਸੁਪਰਡੈਂਟ ਸ੍ਰੀ ਗੁਰਪ੍ਰੀਤ ਸਿੰਘ, ਜਨਾਨਾ ਜੇਲ੍ਹ ਦੇ ਸੁਪਰਡੈਂਟ ਸ੍ਰੀ ਦਲਬੀਰ ਸਿੰਘ ਕਾਹਲੋ, ਡਿਪਟੀ ਜੇਲ੍ਹ ਸੁਪਰਡੈਂਟ ਰਵਨੀਤ ਕੌਰ ਤੋਂ ਇਲਾਵਾ ਜ਼ਿਲੇ ਦੇ ਸਿਵਲ ਤੇ ਪੁਲਿਸ ਪ੍ਰਸ਼ਾਸਨ ਦੇ ਹੋਰ ਅਧਿਕਾਰੀ ਵੀ ਮੌਜੂਦ ਸਨ।