ਲੁਧਿਆਣਾ, 30 ਜੂਨ (ਜਸਵਿੰਦਰ ਸਿੰਘ)-25ਵੀਂ ਮਿਲੋ ਅੰਤਰਰਾਸ਼ਟਰੀ ਓਪਨ ਕਰਾਟੇ ਚੈਂਪੀਅਨਸ਼ਿਪ, ਜੋ ਕਿ ਮਲੇਸ਼ੀਆ ਦੇ ਤਿੱਤੀਵੰਗਸਾ ਸਟੇਡੀਅਮ ਵਿਖੇ ਕਰਵਾਈ ਗਈ ਸੀ, ਵਿਚ ਮਹਿਰੀਨ ਕੌਰ ਨੇ ਸਿਲਵਰ ਮੈਡਲ ਜਿੱਤ ਕੇ ਦੇਸ਼ ਦੇ ਨਾਲ-ਨਾਲ ਪੰਜਾਬ ਦਾ ਵੀ ਨਾਂਅ ਚਮਕਾਇਆ ਹੈ। ਮਹਿਰੀਨ ਕੌਰ ਦੇ ਮਾਤਾ-ਪਿਤਾ ਨੇ ਗੱਲਬਾਤ ਕਰਦਿਆਂ ਕਿਹਾ ਕਿ ਮਹਿਰੀਨ ਕੌਰ ਦੀ ਉਮਰ ਪੰਜ ਸਾਲ ਹੈ। ਮਹਿਰੀਨ ਕੌਰ ਦੇ ਕੋਚ ਲਲਿਤਾ ਰਾਣੀ, ਜਤਿੰਦਰ ਰਾਮ ਅਤੇ ਪ੍ਰਕਾਸ਼ ਕੁਮਾਰ ਨੇ ਇਸ ਨੂੰ ਚੰਗੀ ਤਰ੍ਹਾਂ ਅਭਿਆਸ ਕਰਵਾਇਆ ਅਤੇ ਮਹਿਰੀਨ ਪਿਛਲੇ ਲਗਭਗ ਡੇਢ ਸਾਲ ਤੋਂ ਅਭਿਆਸ ਕਰ ਰਹੀ ਹੈ। ਮਲੇਸ਼ੀਆ ਵਿਖੇ ਹੋਈ ਇਸ ਚੈਂਪੀਅਨਸ਼ਿਪ ਦੇ ਵਿਚ 18 ਦੇਸ਼ਾਂ ਦੇ ਲਗਭਗ 2000 ਖਿਡਾਰੀਆਂ ਨੇ ਭਾਗ ਲਿਆ। ਖਿਡਾਰਨ ਮਹਿਰੀਨ ਕੌਰ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਕਈ ਖਿਡਾਰੀਆਂ ਨੂੰ ਚਿੱਤ ਕਰ ਦਿਖਾਇਆ। ਮੁਕਾਬਲੇ ਦੌਰਾਨ ਇਕ ਗ਼ਲਤ ਐਕਸ਼ਨ ਖੇਡਣ ਕਾਰਨ ਖਿਡਾਰਨ ਮਹਿਰੀਨ ਕੌਰ ਨੂੰ ਸਿਲਵਰ ਮੈਡਲ ਦੇ ਨਾਲ ਸਬਰ ਕਰਨਾ ਪਿਆ, ਜਦ ਕਿ ਉਹ ਗੋਲਡ ਮੈਡਲ ਦੀ ਦਾਅਵੇਦਾਰ ਸੀ। ਜ਼ਿਕਰਯੋਗ ਹੈ ਕਿ ਮਹਿਰੀਨ ਕੌਰ ਦਾ ਇਹ ਪਹਿਲਾ ਅੰਤਰ ਰਾਸ਼ਟਰੀ ਟੂਰਨਾਮੈਂਟ ਸੀ, ਜਿਸ ਵਿਚ ਉਸਨੇ ਪਹਿਲੀ ਵਾਰ ਹੀ ਸਿਲਵਰ ਮੈਡਲ ਜਿੱਤਣ ’ਚ ਕਾਮਯਾਬੀ ਹਾਸਿਲ ਕੀਤੀ ਹੈ। ਮਹਿਰੀਨ ਦੇ ਮਾਤਾ-ਪਿਤਾ ਨੇ ਕਿਹਾ ਕਿ ਮਹਿਰੀਨ ਸ਼ੁਰੂ ਤੋਂ ਹੀ ਤੇਜ਼ ਤਰਾਰ ਅਤੇ ਫੁਰਤੀਲੀ ਸੀ, ਜਿਸ ਨੂੰ ਦੇਖਦੇ ਹੋਏ ਫ਼ੈਸਲਾ ਕੀਤਾ ਕਿ ਇਸ ਨੂੰ ਬਚਪਨ ਤੋਂ ਹੀ ਜੇਕਰ ਖੇਡਾਂ ਵਿਚ ਪਾਇਆ ਜਾਵੇ ਤਾਂ ਇਹ ਕੁੱਝ ਨਾ ਕੁੱਝ ਜ਼ਰੂਰ ਕਰਦੇ ਦਿਖਾਏਗੀ, ਜਿਸ ਸਦਕਾ ਅੱਜ ਇਹ ਅੰਤਰਰਾਸ਼ਟਰੀ ਪੱਧਰ ‘ਤੇ ਮੈਡਲ ਜਿੱਤਣ ਵਿਚ ਕਾਮਯਾਬ ਹੋਈ ਹੈ। ਸੀਨੀਅਰ ਵਰਗ ਵਿਚ ਖੇਡਣ ਵਾਲੇ ਖਿਡਾਰੀ ਹਰਗੁਣ ਸਿੰਘ ਨੇ ਵੀ ਇਸ ਟੂਰਨਾਮੈਂਟ ਦੇ ਵਿਚ ਕਾਂਸੀ ਦਾ ਤਗਮਾ ਜਿੱਤ ਕੇ ਸੂਬੇ ਦਾ ਨਾਮ ਚਮਕਾਇਆ ਹੈ। ਹਰਗੁਣ ਸਿੰਘ ਯੂਨੀਵਰਸਿਟੀ ਦਾ ਵਿਦਿਆਰਥੀ ਹੈ, ਜੋ ਕਿ ਪਿਛਲੇ ਲਗਭਗ ਛੇ ਸਾਲ ਤੋਂ ਅਭਿਆਸ ਕਰ ਰਿਹਾ ਹੈ। ਟੂਰਨਾਮੈਂਟ ਵਿਚ ਉਸਨੇ ਸਿੰਗਾਪੁਰ, ਮਲੇਸ਼ੀਆ ਅਤੇ ਪਾਕਿਸਤਾਨ ਦੇ ਖਿਡਾਰੀਆਂ ਨੂੰ ਹਰਾ ਕੇ ਅਖੀਰ ਕਾਂਸੇ ਦਾ ਤਗਮਾ ਜਿੱਤਣ ਵਿਚ ਸਫਲਤਾ ਪ੍ਰਾਪਤ ਕੀਤੀ।