ਐੱਸ. ਏ. ਐੱਸ. ਨਗਰ, 25 ਜਨਵਰੀ (ਤਰਵਿੰਦਰ ਸਿੰਘ ਬੈਨੀਪਾਲ)-ਭਾਜਪਾ ਪੰਜਾਬ ਦੇ ਸੂਬਾਈ ਪ੍ਰੈੱਸ ਸਕੱਤਰ ਹਰਦੇਵ ਸਿੰਘ ਉੱਭਾ ਨੇ ਕਿਹਾ ਹੈ ਕਿ ਦੇਸ਼ ਦੀ ਐਮਰਜੈਂਸੀ ਦੌਰਾਨ ਜੇਲ੍ਹਾਂ ਕੱਟਣ ਵਾਲੇ ਸੰਘਰਸ਼ੀ ਯੋਧਿਆਂ ਨਾਲ ਪੰਜਾਬ ਸਰਕਾਰਾਂ ਵਲੋਂ ਲਗਾਤਾਰ ਨਿਆਂ ਨਹੀਂ ਹੋ ਰਿਹਾ ਹੈ | ਉਨ੍ਹਾਂ ਕਿਹਾ ਕਿ ਐਮਰਜੈਂਸੀ ਦੌਰਾਨ ਲੋਕਤੰਤਰ ਦੀ ਰੱਖਿਆ ਲਈ ਕੁਰਬਾਨੀਆਂ ਦੇਣ ਵਾਲੇ ਯੋਧਿਆਂ ਨੂੰ ਅੱਜ ਤੱਕ ਉਨ੍ਹਾਂ ਦਾ ਹੱਕੀ ਸਨਮਾਨ ਅਤੇ ਪੈਨਸ਼ਨ ਨਹੀਂ ਮਿਲੀ | ਉੱਭਾ ਨੇ ਦੱਸਿਆ ਕਿ ਪੰਜਾਬ, ਹਰਿਆਣਾ, ਰਾਜਸਥਾਨ, ਉੱਤਰ ਪ੍ਰਦੇਸ਼, ਗੁਜਰਾਤ, ਮੱਧ ਪ੍ਰਦੇਸ਼ ਸਮੇਤ ਕਈ ਰਾਜਾਂ 'ਚ ਐਮਰਜੈਂਸੀ ਸੰਘਰਸ਼ੀ ਯੋਧਿਆਂ ਲਈ ਪੈਨਸ਼ਨ ਸਕੀਮਾਂ ਲਾਗੂ ਹਨ, ਪਰ ਪੰਜਾਬ 'ਚ ਇਹ ਮਾਮਲਾ ਹਮੇਸ਼ਾ ਅਣਡਿੱਠਾ ਕੀਤਾ ਗਿਆ | ਉਨ੍ਹਾਂ ਕਿਹਾ ਕਿ ਵੱਖ-ਵੱਖ ਰਾਜਾਂ 'ਚ ਐਮਰਜੈਂਸੀ ਯੋਧਿਆ ਦੀ ਪੈਨਸ਼ਨ ਦੀ ਰਕਮ 10 ਹਜ਼ਾਰ ਤੋਂ 30 ਹਜ਼ਾਰ ਰੁ. ਤੱਕ ਦਿੱਤੀ ਜਾ ਰਹੀ ਹੈ, ਪਰ ਪੰਜਾਬ ਸਰਕਾਰ ਵਲੋਂ ਇਸ ਮਾਮਲੇ 'ਚ ਕੋਈ ਠੋਸ ਕਦਮ ਨਹੀਂ ਚੁੱਕਿਆ ਗਿਆ | ਉਨ੍ਹਾਂ ਆਮ ਆਦਮੀ ਪਾਰਟੀ ਦੀ ਸਰਕਾਰ 'ਤੇ ਦੋਸ਼ ਲਗਾਇਆ ਕਿ ਉਹ ਸਿਰਫ਼ ਵਾਅਦੇ ਕਰ ਰਹੀ ਹੈ, ਪਰ ਜ਼ਮੀਨੀ ਪੱਧਰ 'ਤੇ ਕੁੱਝ ਵੀ ਨਹੀਂ ਕੀਤਾ ਗਿਆ | ਹਰਦੇਵ ਸਿੰਘ ਉੱਭਾ ਨੇ ਮੰਗ ਕੀਤੀ ਕਿ ਪੰਜਾਬ ਸਰਕਾਰ ਤੁਰੰਤ ਐਮਰਜੈਂਸੀ ਸੰਘਰਸ਼ੀ ਯੋਧਿਆਂ ਲਈ ਪੈਨਸ਼ਨ ਸਕੀਮ ਲਾਗੂ ਕਰੇ ਅਤੇ ਉਨ੍ਹਾਂ ਨੂੰ ਬਣਦਾ ਮਾਣ-ਸਨਮਾਨ ਦਿੱਤਾ ਜਾਵੇ | ਉਨ੍ਹਾਂ ਕਿਹਾ ਕਿ ਭਾਜਪਾ ਐਮਰਜੈਂਸੀ ਸੰਘਰਸ਼ੀ ਯੋਧਿਆਂ ਦੇ ਹੱਕਾਂ ਲਈ ਲਗਾਤਾਰ ਸੰਘਰਸ਼ ਕਰਦੀ ਰਹੇਗੀ ਅਤੇ ਜਦ ਤੱਕ ਇਨਸਾਫ਼ ਨਹੀਂ ਮਿਲਦਾ, ਤਦ ਤੱਕ ਆਵਾਜ਼ ਬੁਲੰਦ ਕਰਦੀ ਰਹੇਗੀ |