ਜ਼ੀਰਕਪੁਰ, 31 ਜਨਵਰੀ (ਹੈਪੀ ਪੰਡਵਾਲਾ)-ਗੁਰਮਤਿ ਪ੍ਰਚਾਰ ਯੋਗੀ ਯੂਥ ਸੇਵਾ ਸੁਸਾਇਟੀ ਭਬਾਤ ਵਲੋਂ ਪੰਥ ਰਤਨ ਭਾਈ ਜਸਵੀਰ ਸਿੰਘ ਖ਼ਾਲਸਾ ਖੰਨੇ ਵਾਲਿਆਂ ਅਤੇ ਪੰਥ ਦੇ ਮਹਾਨ ਵਿਦਵਾਨ ਗਿਆਨੀ ਮੇਵਾ ਸਿੰਘ ਦੀ ਮਿੱਠੀ ਯਾਦ 'ਚ 31ਵਾਂ ਮਹਾਨ ਗੁਰਮਤਿ ਸਮਾਗਮ 1 ਫਰਵਰੀ ਤੋਂ ਲੈ ਕੇ 8 ਫਰਵਰੀ ਤੱਕ ਪਿੰਡ ਭਬਾਤ ਵਿਖੇ ਕਰਵਾਇਆ ਜਾ ਰਿਹਾ ਹੈ, ਜਿਸ ਦੌਰਾਨ ਪੰਥ ਦੀਆਂ ਮਹਾਨ ਸ਼ਖ਼ਸੀਅਤਾਂ, ਕਥਾਵਾਚਕ, ਸਿੰਘ ਸਾਹਿਬਾਨ ਅਤੇ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਉਚੇਚੇ ਤੌਰ 'ਤੇ ਪੁੱਜ ਰਹੇ ਹਨ | ਇਸ ਬਾਬਤ ਸੰਸਥਾ ਦੇ ਪ੍ਰਧਾਨ ਜਗਜੀਤ ਸਿੰਘ ਨੇ ਦੱਸਿਆ ਕਿ 6 ਫਰਵਰੀ ਨੂੰ ਸਵੇਰੇ 10 ਵਜੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਤੋਂ ਆਉਣ ਵਾਲੇ ਪੰਜ ਪਿਆਰਿਆਂ ਦੀ ਹਾਜ਼ਰੀ 'ਚ ਅੰਮਿ੍ਤ ਸੰਚਾਰ ਕਰਵਾਇਆ ਜਾਵੇਗਾ | ਸਮਾਗਮ ਦੀ ਸਮਾਪਤੀ ਮੌਕੇ ਹਰ ਸਾਲ ਦੀ ਤਰ੍ਹਾਂ ਵੈਦ ਹਰਭਜਨ ਸਿੰਘ ਯੋਗੀ ਦੀ ਮਿੱਠੀ ਯਾਦ 'ਚ 7 ਲੜਕੀਆਂ ਦੇ ਸਮੂਹਿਕ ਅਨੰਦ ਕਾਰਜ ਕਰਵਾਏ ਜਾਣਗੇ | ਪ੍ਰਬੰਧਕਾਂ ਨੇ ਸੰਗਤਾਂ ਨੂੰ ਵੱਧ ਚੜ੍ਹ ਕੇ ਇਸ ਸਮਾਗਮ 'ਚ ਹਾਜ਼ਰੀ ਭਰਨ ਦੀ ਬੇਨਤੀ ਕੀਤੀ ਹੈ |