ਕੁਰਾਲੀ, 31 ਜਨਵਰੀ (ਬਿੱਲਾ ਅਕਾਲਗੜ੍ਹੀਆ)-ਸਥਾਨਕ ਸ਼ਹਿਰ ਵਿਖੇ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼ਹਿਰ ਦੀਆਂ ਸੰਗਤਾਂ ਵਲੋਂ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ | ਇਹ ਅਲੌਕਿਕ ਨਗਰ ਕੀਰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ-ਛਾਇਆ ਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਰੂਪਨਗਰ ਮਾਰਗ ਸਥਿਤ ਵਾਰਡ ਨੰ. 3 ਦੀ ਭਗਤ ਰਵਿਦਾਸ ਧਰਮਸ਼ਾਲਾ ਤੋਂ ਆਰੰਭ ਹੋਇਆ | ਇਹ ਨਗਰ ਕੀਰਤਨ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਜਿਵੇਂ ਮੇਨ ਬਾਜ਼ਾਰ, ਰੋਪੜ ਰੋਡ, ਸਿਸਵਾਂ ਰੋਡ, ਦਸਮੇਸ਼ ਕਾਲੋਨੀ, ਚੰਡੀਗੜ੍ਹ ਰੋਡ ਅਤੇ ਮੋਰਿੰਡਾ ਰੋਡ ਤੋਂ ਹੁੰਦਾ ਹੋਇਆ ਵਾਪਸ ਰੂਪਨਗਰ ਮਾਰਗ 'ਤੇ ਸਥਿਤ ਭਗਤ ਰਵਿਦਾਸ ਧਰਮਸ਼ਾਲਾ ਵਿਖੇ ਆਪਣੇ ਸਥਾਨਾਂ 'ਤੇ ਪਹੁੰਚ ਕੇ ਸਮਾਪਤ ਹੋਇਆ | ਇਸ ਦੌਰਾਨ ਰਸਤੇ 'ਚ ਥਾਂ-ਥਾਂ ਸੰਗਤਾਂ ਵਲੋਂ ਨਗਰ ਕੀਰਤਨ ਦਾ ਨਿੱਘਾ ਅਤੇ ਭਰਵਾਂ ਸਵਾਗਤ ਕੀਤਾ ਗਿਆ | ਇਸ ਦੌਰਾਨ ਚੰਡੀਗੜ੍ਹ ਰੋਡ 'ਤੇ ਵਿਸ਼ੇਸ਼ ਤੌਰ 'ਤੇ ਕੌਂਸਲਰ ਬਹਾਦਰ ਸਿੰਘ ਓ. ਕੇ., ਕੌਂਸਲਰ ਭਾਵਨਾ ਸ਼ਰਮਾ, ਨਵਦੀਪ ਸਿੰਘ ਸੈਣੀ ਅਤੇ ਚੇਅਰਮੈਨ ਹਰੀਸ਼ ਰਾਣਾ ਦੀ ਅਗਵਾਈ ਹੇਠ ਸਮੂਹ ਵਾਰਡ ਨੰ. 9 ਦੇ ਵਾਸੀਆਂ ਤੇ ਸ਼ਹਿਰ ਵਾਸੀਆਂ ਵਲੋਂ ਫੁੱਲਾਂ ਦੀ ਵਰਖਾ ਕਰਕੇ ਨਗਰ ਕੀਰਤਨ ਦਾ ਸਵਾਗਤ ਕੀਤਾ ਗਿਆ | ਮੋਰਿੰਡਾ ਰੋਡ ਸਥਿਤ ਗੁਰਦੁਆਰਾ ਸ੍ਰੀ ਹਰਿਗੋਬਿੰਦਗੜ੍ਹ ਸਾਹਿਬ ਦੇ ਪ੍ਰਧਾਨ ਪਿ੍ੰਸੀਪਲ ਸਵਰਨ ਸਿੰਘ ਤੇ ਗੁਰਦੁਆਰਾ ਸ੍ਰੀ ਗੁਰੂ ਅਰਜਨ ਦੇਵ ਕੀਰਤਨ ਅਸਥਾਨ ਦੇ ਪ੍ਰਧਾਨ ਇੰਦਰਬੀਰ ਸਿੰਘ ਦੀ ਅਗਵਾਈ ਹੇਠ ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਅਤੇ ਸੰਗਤਾਂ ਨੇ ਨਗਰ ਕੀਰਤਨ ਦਾ ਭਰਵਾਂ ਸਵਾਗਤ ਕੀਤਾ | ਇਸ ਦੌਰਾਨ ਸ਼ਹਿਰ ਦੇ ਵਪਾਰੀਆਂ ਅਤੇ ਦੁਕਾਨਦਾਰਾਂ ਨੇ ਵੀ ਸ਼ਰਧਾ ਪੂਰਵਕ ਸੇਵਾਵਾਂ ਨਿਭਾਈਆਂ | ਇਸ ਮੌਕੇ ਸੰਗਤਾਂ ਲਈ ਰਸਤੇ 'ਚ ਵੱਖ-ਵੱਖ ਥਾਵਾਂ 'ਤੇ ਦੁੱਧ, ਚਾਹ, ਪਕੌੜੇ, ਬਿਸਕੁਟ, ਫਲ ਅਤੇ ਲੱਡੂਆਂ ਦੇ ਪ੍ਰਸ਼ਾਦ ਦੇ ਅਤੁੱਟ ਲੰਗਰ ਲਗਾਏ ਗਏ | ਇਸ ਦੌਰਾਨ ਰਾਗੀ ਜਥਿਆਂ ਨੇ ਰਸਭਿੰਨੇ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ | ਇਸ ਮੌਕੇ ਹੋਰਨਾਂ ਤੋਂ ਇਲਾਵਾ ਪਿ੍ੰਸੀਪਲ ਸਵਰਨ ਸਿੰਘ, ਸਾਬਕਾ ਕੌਸਲਰ ਪਰਮਜੀਤ ਸਿੰਘ ਪੰਮੀ, ਸਤਨਾਮ ਸਿੰਘ ਸੱਤੀ, ਸਤਵਿੰਦਰ ਸਿੰਘ ਸੱਤੀ, ਸੁਰਜੀਤ ਸਿੰਘ ਧਾਲੀਵਾਲ, ਅਮਰ ਸਿੰਘ, ਸੁਰਿੰਦਰ ਸਿੰਘ ਖਾਲਸਾ, ਪ੍ਰਦੀਪ ਕੁਮਾਰ ਰੂੜਾ, ਗੁਰਪਾਲ ਸਿੰਘ, ਪ੍ਰੇਮ ਸਿੰਘ ਮੁੰਡੇ, ਟਹਿਲ ਸਿੰਘ ਮੁੰਡੇ, ਰਣਜੀਤ ਸਿੰਘ ਨੀਤ, ਮਨੋਜ਼ ਕੁਮਾਰ, ਯਾਦਵਿੰਦਰ ਸਿੰਘ ਗੋਡ, ਹਰਜੀਤ ਸਿੰਘ ਨੰਬਰਦਾਰ, ਹਰਜੀਤ ਸਿੰਘ, ਗਿਆਨੀ ਅਵਤਾਰ ਸਿੰਘ, ਬਲਜੀਤ ਮੁੰਡੇ, ਅਵਤਾਰ ਕਲਸੀ, ਰਿੰਕਾ ਚਨਾਲੋਂ, ਰਾਜਿੰਦਰ ਸਿੰਘ ਬਵੇਜਾ, ਸਰੂਪ ਸਿੰਘ, ਬਚਿੱਤਰ ਸਿੰਘ ਮੁੰਡੇ, ਮਲਕੀਤ ਸਿੰਘ ਮੁੰਡੇ ਤੇ ਸਵਰਨ ਸਿੰਘ ਆਦਿ ਹਾਜ਼ਰ ਸਨ |