ਚੰਡੀਗੜ੍ਹ, 20 ਫਰਵਰੀ (ਅਜੀਤ ਬਿਊਰੋ)-ਆਮ ਆਦਮੀ ਪਾਰਟੀ ਨੇ ਵੋਟਰ ਸੂਚੀਆਂ ਦੀ ਚੱਲ ਰਹੀ ਵਿਸ਼ੇਸ਼ ਗਹਿਨ ਸੋਧ (ਐੱਸ.ਆਈ.ਆਰ.) 'ਤੇ ਡੂੰਘੀ ਚਿੰਤਾ ਪ੍ਰਗਟਾਈ ਹੈ | 'ਆਪ' ਆਗੂ ਨੀਲ ਗਰਗ ਨੇ ਕਿਹਾ ਕਿ ਇਹ ਮੁੱਦਾ ਜਨਤਕ ਚਰਚਾ ਦੇ ਨਾਲ-ਨਾਲ ਸੰਸਥਾਗਤ ਜਾਂਚ ਦਾ ਵਿਸ਼ਾ ਬਣ ਗਿਆ ਹੈ | ਉਨ੍ਹਾਂ ਕਿਹਾ ਕਿ ਇਹ ਪ੍ਰਕਿਰਿਆ ਸਿਆਸੀ ਉਦੇਸ਼ਾਂ ਲਈ ਵਰਤਣ ਦੀਆਂ ਕੋਸ਼ਿਸ਼ਾਂ ਕਾਰਨ ਚਰਚਾ ਵਿਚ ਆਈ ਹੈ | ਗਰਗ ਨੇ ਕਿਹਾ ਕਿ ਵੋਟਰ ਸੂਚੀਆਂ ਦੀ ਚੱਲ ਰਹੀ ਵਿਸ਼ੇਸ਼ ਗਹਿਨ ਸੋਧ ਇਕ ਗੰਭੀਰ ਚਿੰਤਾ ਦਾ ਮੁੱਦਾ ਬਣ ਗਈ ਹੈ | ਇਹ ਮਾਮਲਾ ਸੁਪਰੀਮ ਕੋਰਟ ਤੱਕ ਵੀ ਪਹੁੰਚ ਗਿਆ ਹੈ, ਜੋ ਆਪਣੇ ਆਪ ਵਿਚ ਸਥਿਤੀ ਦੀ ਗੰਭੀਰਤਾ ਨੂੰ ਦਰਸਾਉਂਦਾ ਹੈ | ਰਿਪੋਰਟਾਂ ਅਨੁਸਾਰ ਪੰਜਾਬ ਵਿੱਚ ਐਸਆਈਆਰ ਅਪ੍ਰੈਲ ਤੋਂ ਸ਼ੁਰੂ ਹੋ ਸਕਦੀ ਹੈ, ਅਤੇ ਅਸੀਂ ਘਟਨਾਕ੍ਰਮ 'ਤੇ ਨੇੜਿਓਾ ਨਜ਼ਰ ਰੱਖ ਰਹੇ ਹਾਂ | ਉਨ੍ਹਾਂ ਕਿਹਾ ਕਿ ਕਈ ਇਲਾਕਿਆਂ ਅਤੇ ਬੂਥਾਂ 'ਤੇ ਜਿੱਥੇ ਵਿਰੋਧੀ ਧਿਰ ਦੇ ਵੋਟਰਾਂ ਦੀ ਗਿਣਤੀ ਜ਼ਿਆਦਾ ਹੈ, ਉੱਥੇ ਵੱਡੀ ਗਿਣਤੀ ਵਿੱਚ ਵੋਟਾਂ ਕੱਟਣ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਹਨ | ਖਾਸ ਤੌਰ 'ਤੇ ਦਲਿਤ ਭਾਈਚਾਰੇ ਨੂੰ ਨਿਸ਼ਾਨਾ ਬਣਾਇਆ ਗਿਆ ਹੈ | ਸਿਆਸੀ ਹਿੱਤਾਂ ਲਈ ਵੋਟਰ ਸੋਧ ਪ੍ਰਕਿਰਿਆ ਦੀ ਵਰਤੋਂ ਕਰਨਾ ਅਸਵੀਕਾਰਨਯੋਗ ਹੈ | ਪਾਰਟੀ ਦਾ ਪੱਖ ਸਪੱਸ਼ਟ ਕਰਦਿਆਂ ਨੀਲ ਗਰਗ ਨੇ ਕਿਹਾ ਕਿ 'ਆਪ' ਨੂੰ ਵੋਟਰ ਸੂਚੀ ਦੀ ਅਸਲ ਸੁਧਾਰ ਪ੍ਰਕਿਰਿਆ 'ਤੇ ਕੋਈ ਇਤਰਾਜ਼ ਨਹੀਂ ਹੈ | ਜੇਕਰ ਕਿਸੇ ਵੋਟਰ ਦੀ ਮੌਤ ਹੋ ਗਈ ਹੈ ਜਾਂ ਉਹ ਕਿਤੇ ਹੋਰ ਚਲਾ ਗਿਆ ਹੈ, ਤਾਂ ਉਨ੍ਹਾਂ ਦੇ ਨਾਂਅ ਨੂੰ ਨਿਸ਼ਚਿਤ ਤੌਰ 'ਤੇ ਅਪਡੇਟ ਕੀਤਾ ਜਾਣਾ ਚਾਹੀਦਾ ਹੈ | ਪਾਰਦਰਸ਼ੀ ਅਤੇ ਕਾਨੂੰਨੀ ਤਰੀਕੇ ਨਾਲ ਕੀਤੀ ਗਈ ਸਹੀ ਸੋਧ ਨਾਲ ਕਿਸੇ ਨੂੰ ਕੋਈ ਸਮੱਸਿਆ ਨਹੀਂ ਹੈ | ਹਾਲਾਂਕਿ, ਉਨ੍ਹਾਂ ਕਿਹਾ ਕਿ ਅਸੀਂ ਸੋਧ ਦੇ ਨਾਂਅ 'ਤੇ ਰਾਜਨੀਤੀ ਕਰਨ ਅਤੇ ਵਿਰੋਧੀ ਧਿਰ ਦੀਆਂ ਵੋਟਾਂ ਨੂੰ ਵੱਡੀ ਗਿਣਤੀ ਵਿੱਚ ਕੱਟਣ ਦਾ ਸਖ਼ਤ ਵਿਰੋਧ ਕਰਦੇ ਹਾਂ | ਅਜਿਹੀਆਂ ਕਾਰਵਾਈਆਂ ਬਰਦਾਸ਼ਤ ਤੋਂ ਬਾਹਰ ਹਨ | ਚੇਤਾਵਨੀ ਦਿੰਦਿਆਂ ਨੀਲ ਗਰਗ ਨੇ ਕਿਹਾ ਕਿ ਪੰਜਾਬ ਵਿਚ ਭਾਜਪਾ ਦੀ ਅਜਿਹੀ ਯੋਜਨਾ ਨੂੰ ਕਿਸੇ ਵੀ ਕੀਮਤ 'ਤੇ ਸਫ਼ਲ ਨਹੀਂ ਹੋਣ ਦਿੱਤਾ ਜਾਵੇਗਾ | 'ਆਪ' ਦਾ ਹਰ ਵਲੰਟੀਅਰ ਹਰ ਵੋਟ 'ਤੇ ਤਿੱਖੀ ਨਜ਼ਰ ਰੱਖੇਗਾ | ਅਸੀਂ ਵੋਟਰ ਪੱਧਰ 'ਤੇ ਜਾਗਰੂਕਤਾ ਪੈਦਾ ਕਰਾਂਗੇ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਐਸਆਈਆਰ ਦੇ ਨਾਂ 'ਤੇ ਕੋਈ ਧੋਖਾਧੜੀ ਨਾ ਹੋਵੇ |