ਚੰਡੀਗੜ੍ਹ, 26 ਫਰਵਰੀ (ਅਜੀਤ ਬਿਊਰੋ)-ਆਮ ਆਦਮੀ ਪਾਰਟੀ ਦੇ ਹਲਕਾ ਡੇਰਾ ਬਾਬਾ ਨਾਨਕ ਤੋਂ ਵਿਧਾਇਕ ਗੁਰਦੀਪ ਸਿੰਘ ਰੰਧਾਵਾ ਨੇ ਕਾਂਗਰਸੀ ਆਗੂ ਤੇ ਮੌਜੂਦਾ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਵਲੋਂ ਪੁਲਿਸ ਪ੍ਰਸ਼ਾਸਨ ਖ਼ਿਲਾਫ਼ ਕੀਤੀ ਗਈ ਟਿੱਪਣੀ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਹੈ | ਰੰਧਾਵਾ ਨੇ ਕਿਹਾ ਕਿ ਗੁਰਦਾਸਪੁਰ ਵਿਚ ਪਿਛਲੇ ਦਿਨੀਂ ਸ਼ਹੀਦ ਹੋਏ ਸਾਡੇ ਦੋ ਜਾਂਬਾਜ਼ ਪੁਲਿਸ ਮੁਲਾਜ਼ਮਾਂ ਦੀ ਸ਼ਹਾਦਤ 'ਤੇ ਰਾਜਨੀਤੀ ਕਰਨਾ ਬੇਹੱਦ ਸ਼ਰਮਨਾਕ ਹੈ | ਸੁਖਜਿੰਦਰ ਰੰਧਾਵਾ ਨੇ ਉੱਥੋਂ ਦੇ ਐੱਸ.ਐੱਸ.ਪੀ. ਨੂੰ ਜੋ ਅਪਸ਼ਬਦ ਕਹੇ ਹਨ, ਉਹ ਉਨ੍ਹਾਂ ਦੀ ਮਾੜੀ ਮਾਨਸਿਕਤਾ ਨੂੰ ਦਰਸਾਉਂਦੇ ਹਨ | ਵਿਧਾਇਕ ਨੇ ਕਿਹਾ ਕਿ ਮੈਂ ਉਨ੍ਹਾਂ ਨੂੰ ਯਾਦ ਕਰਵਾਉਣਾ ਚਾਹੁੰਦਾ ਹਾਂ ਕਿ ਉਸੇ ਐੱਸ.ਐੱਸ.ਪੀ ਅਤੇ ਪੰਜਾਬ ਪੁਲਿਸ ਨੇ ਆਪਣੀ ਕਾਬਲੀਅਤ ਦਾ ਲੋਹਾ ਮਨਵਾਉਂਦੇ ਹੋਏ ਮਹਿਜ਼ 72 ਘੰਟਿਆਂ ਦੇ ਅੰਦਰ-ਅੰਦਰ ਇਕ ਮੁਲਜ਼ਮ ਨੂੰ ਐਨਕਾਊਾਟਰ ਵਿਚ ਢੇਰ ਕਰ ਦਿੱਤਾ ਤੇ ਦੂਜਾ ਸਲਾਖਾਂ ਦੇ ਪਿੱਛੇ ਹੈ | ਵਿਧਾਇਕ ਰੰਧਾਵਾ ਨੇ ਸੁਖਜਿੰਦਰ ਰੰਧਾਵਾ 'ਤੇ ਸਿੱਧਾ ਹਮਲਾ ਕਰਦਿਆਂ ਸਵਾਲ ਕੀਤਾ ਕਿ ਉਹ ਜਨਤਾ ਨੂੰ ਦੱਸਣ ਕਿ ਉਸ ਸਮੇਂ ਦੇ ਖ਼ੂੰਖਾਰ ਅੱਤਵਾਦੀ 'ਨੱਟੀ' ਨਾਲ ਉਨ੍ਹਾਂ ਦੇ ਪਰਿਵਾਰ ਦੇ ਕੀ ਸਬੰਧ ਸਨ? ਉਨ੍ਹਾਂ ਪੁੱਛਿਆ ਕਿ ਜੋ ਅੱਤਵਾਦੀ ਸੁਖਜਿੰਦਰ ਰੰਧਾਵਾ ਦੇ ਪਿਤਾ ਸੰਤੋਖ ਸਿੰਘ ਰੰਧਾਵਾ ਨੂੰ ਆਪਣਾ 'ਪਿਤਾ' ਕਹਿ ਕੇ ਬੁਲਾਉਂਦਾ ਸੀ ਤੇ ਜਿਸ ਨੂੰ ਰੰਧਾਵਾ ਆਪਣਾ ਭਰਾ ਮੰਨਦੇ ਸਨ, ਉਸ ਨਾਲ ਉਨ੍ਹਾਂ ਦੇ ਪਰਿਵਾਰ ਦੀ ਕੀ ਸਾਂਝ ਸੀ? ਇੰਨਾ ਹੀ ਨਹੀਂ, ਉੱਤਰ ਪ੍ਰਦੇਸ਼ ਦੇ ਬਦਨਾਮ ਅੰਸਾਰੀ ਪਰਿਵਾਰ ਅਤੇ ਹੋਰ ਗੈਂਗਸਟਰਾਂ ਨਾਲ ਆਪਣੇ ਸਬੰਧਾਂ 'ਤੇ ਸੁਖਜਿੰਦਰ ਰੰਧਾਵਾ ਚੁੱਪ ਕਿਉਂ ਧਾਰ ਲੈਂਦੇ ਹਨ? ਜਿਨ੍ਹਾਂ ਦੀਆਂ ਆਪਣੀਆਂ ਤਾਰਾਂ ਅਪਰਾਧੀਆਂ ਨਾਲ ਜੁੜੀਆਂ ਹੋਣ, ਉਨ੍ਹਾਂ ਨੂੰ ਵਰਦੀਧਾਰੀ ਇਮਾਨਦਾਰ ਪੁਲਿਸ ਮੁਲਾਜ਼ਮਾਂ 'ਤੇ ਇਲਜ਼ਾਮ ਲਗਾਉਣ ਦਾ ਕੋਈ ਨੈਤਿਕ ਅਧਿਕਾਰ ਨਹੀਂ ਹੈ | ਉਨ੍ਹਾਂ ਚੇਤਾਵਨੀ ਦਿੰਦਿਆਂ ਕਿਹਾ ਕਿ ਸੁਖਜਿੰਦਰ ਰੰਧਾਵਾ ਲੋਕਾਂ ਨੂੰ ਗੁਮਰਾਹ ਕਰਨਾ ਬੰਦ ਕਰਨ, ਕਿਉਂਕਿ ਉਨ੍ਹਾਂ ਦੀ ਅਸਲੀਅਤ ਹੁਣ ਸਭ ਦੇ ਸਾਹਮਣੇ ਆ ਚੁੱਕੀ ਹੈ |