ਚੰਡੀਗੜ੍ਹ, 27 ਮਾਰਚ (ਸੰਦੀਪ ਕੁਮਾਰ ਮਾਹਨਾ)ਵਿਦੇਸ਼ 'ਚ ਨੌਕਰੀ ਲਗਵਾਉਣ ਦੇ ਝਾਂਸੇ ਦੇ ਕੇ ਲੋਕਾਂ ਤੋਂ ਲੱਖਾਂ ਰੁਪਏ ਹੜਪਣ ਦਾ ਮਾਮਲਾ ਸਾਹਮਣੇ ਆਇਆ ਹੈ | ਇੰਡਸਟਰੀਅਲ ਏਰੀਆ ਫੇਜ਼-1 'ਚ ਚੱਲ ਰਹੀ ਇਕ ਇਮੀਗ੍ਰੇਸ਼ਨ ਕੰਪਨੀ ਦੇ ਏਜੰਟ ਰਕਮ ਵਸੂਲਣ ਤੋਂ ਬਾਅਦ ਦਫ਼ਤਰ ਬੰਦ ਕਰਕੇ ਫਰਾਰ ਹੋ ਗਏ, ਜਿਸ ਸੰਬੰਧੀ ਥਾਣਾ ਇੰਡਸਟਰੀਅਲ ਏਰੀਆ ਫੇਜ਼-1 ਦੀ ਪੁਲਿਸ ਨੇ ਕੇਸ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ | ਇਸ ਸੰਬੰਧੀ ਸਹਾਰਨਪੁਰ ਦੇ ਰਹਿਣ ਵਾਲੇ ਪੂਰਨ ਸਿੰਘ ਵਲੋਂ ਸ਼ਿਕਾਇਤ ਦਰਜ ਕਰਵਾਈ ਗਈ ਹੈ | ਪੂਰਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੇ ਜਾਣ-ਪਛਾਣ ਵਾਲਿਆਂ ਮੋਨੂ ਕੁਮਾਰ, ਵਿਸ਼ੇਸ਼ ਕੁਮਾਰ, ਗੁਰਦੀਪ ਅਤੇ ਜਗਦੀਪ ਕੌਰ ਨੂੰ ਵਿਦੇਸ਼ ਭੇਜਣ ਲਈ ਉਕਤ ਇਮੀਗ੍ਰੇਸ਼ਨ ਕੰਪਨੀ ਨਾਲ ਸੰਪਰਕ ਕੀਤਾ ਸੀ | ਦੋਸ਼ ਹੈ ਕਿ ਏਜੰਟਾਂ ਨੇ ਵਿਦੇਸ਼ 'ਚ ਨੌਕਰੀ ਲਗਵਾਉਣ ਦਾ ਭਰੋਸਾ ਦੇ ਕੇ ਵੱਖ-ਵੱਖ ਮਿਤੀਆਂ 'ਤੇ ਕਰੀਬ 40 ਲੱਖ ਰੁਪਏ ਵਸੂਲ ਕੀਤੇ | ਜਿਸ ਤਹਿਤ 18 ਫ਼ਰਵਰੀ 2025 ਨੂੰ ਗੁਰਦੀਪ ਤੋਂ 8 ਲੱਖ 50 ਹਜ਼ਾਰ ਰੁਪਏ ਅਤੇ 19 ਫ਼ਰਵਰੀ 2025 ਨੂੰ ਵਿਸ਼ੇਸ਼ ਕੁਮਾਰ ਤੋਂ 9 ਲੱਖ 50 ਹਜ਼ਾਰ ਰੁਪਏ ਲਏ ਗਏ | ਇਸ ਤੋਂ ਇਲਾਵਾ ਟਿਕਟ ਤੇ ਹੋਰ ਖਰਚਿਆਂ ਦੇ ਨਾਮ 'ਤੇ ਆਨਲਾਈਨ ਇਕ ਲੱਖ ਰੁਪਏ ਹੋਰ ਵੀ ਜਮ੍ਹਾਂ ਕਰਵਾਏ ਗਏ | ਪੀੜਤਾਂ ਦੇ ਮੁਤਾਬਕ ਮੌਜੂਦਾ ਸਮੇਂ ਦੌਰਾਨ ਉਕਤ ਦਫ਼ਤਰ 'ਤੇ ਤਾਲਾ ਲੱਗਾ ਹੋਇਆ ਹੈ ਅਤੇ ਸੰਬੰਧਿਤ ਏਜੰਟਾਂ ਨਾਲ ਕੋਈ ਸੰਪਰਕ ਨਹੀਂ ਹੋ ਰਿਹਾ | ਦਫ਼ਤਰ ਬੰਦ ਹੋਣ ਕਾਰਨ ਉਨ੍ਹਾਂ ਨੂੰ ਆਪਣੇ ਨਾਲ ਹੋਈ ਠੱਗੀ ਦਾ ਪਤਾ ਲੱਗਾ | ਪੀੜਤ ਪੱਖ ਨੇ ਪੁਲਿਸ ਪ੍ਰਸ਼ਾਸਨ ਤੋਂ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ | ਪੁਲਿਸ ਨੇ ਸ਼ਿਕਾਇਤ ਦੇ ਆਧਾਰ 'ਤੇ ਮਾਮਲਾ ਦਰਜ ਕਰ ਲਿਆ ਹੈ ਤੇ ਦੋਸ਼ੀਆਂ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ |