ਮੁੱਲਾਂਪੁਰ ਗਰੀਬਦਾਸ, 27 ਮਾਰਚ (ਦਿਲਬਰ ਸਿੰਘ ਖੈਰਪੁਰ)-ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਜਗਮੋਹਨ ਸਿੰਘ ਕੰਗ ਨੇ ਪ੍ਰਾਚੀਨ ਸ੍ਰੀ ਨੈਣਾਂ ਦੇਵੀ ਮੰਦਰ ਅਤੇ ਸ੍ਰੀ ਸ਼ਿਵ ਧਾਮ ਪਿੰਡ ਘੰਡੌਲੀ (ਨਿਊ ਚੰਡੀਗੜ੍ਹ) ਵਿਖੇ ਨਰਾਤਿਆਂ ਸੰਬੰਧੀ ਕਰਵਾਏ ਗਏ 36ਵੇਂ ਮੇਲੇ 'ਚ ਸ਼ਿਰਕਤ ਕੀਤੀ | ਉਨ੍ਹਾਂ ਕਿਹਾ ਕਿ ਸਾਡੇ ਦੇਸ਼ 'ਚ ਨਰਾਤਿਆਂ ਦੇ ਦਿਨ ਅਤੇ ਰਾਮ ਨੌਮੀ ਦਾ ਤਿਉਹਾਰ ਪਿਆਰ ਅਤੇ ਸਤਿਕਾਰ ਨਾਲ ਮਨਾਇਆ ਜਾਂਦਾ ਹੈ | ਬਿਨਾਂ ਕਿਸੇ ਭੇਦਭਾਵ ਅਤੇ ਵਿਤਕਰੇ ਦੇ ਸਾਰੇ ਦੇਸ਼ ਵਾਸੀ ਇਨ੍ਹਾਂ ਤਿਉਹਾਰਾਂ 'ਚ ਸ਼ਾਮਿਲ ਹੁੰਦੇ ਹਨ, ਜੋ ਕਿ ਸਾਡੀ ਧਰਮ-ਨਿਰਪੱਖਤਾ ਦਾ ਪ੍ਰਤੀਕ ਹੈ | ਉਨ੍ਹਾਂ ਕਿਹਾ ਕਿ ਚਾਹੇ ਗੁਰਪੁਰਬ ਹੋਵੇ, ਰਾਮ ਨੌਮੀ, ਜਨਮ ਅਸ਼ਟਮੀ ਜਾਂ ਈਦ ਦਾ ਤਿਉਹਾਰ ਹੋਵੇ, ਸਾਰੇ ਲੋਕ ਰਲ-ਮਿਲ ਕੇ ਚਾਵਾਂ, ਖੁਸ਼ੀਆਂ ਤੇ ਸ਼ਰਧਾ ਨਾਲ ਮਨਾਉਂਦੇ ਹਨ | ਉਨ੍ਹਾਂ ਕਿਹਾ ਕਿ ਅੱਜ ਦੇਸ਼ ਨੂੰ ਕੁਝ ਫਿਰਕੂ ਤਾਕਤਾਂ ਧਰਮ ਦੇ ਨਾਂਅ 'ਤੇ ਵੰਡਣਾ ਚਾਹੁੰਦੀਆਂ ਹਨ, ਜਿਨ੍ਹਾਂ ਤੋਂ ਸਾਨੂੰ ਸੁਚੇਤ ਰਹਿੰਦੇ ਹੋਏ ਆਪਸੀ ਪਿਆਰ, ਭਾਈਚਾਰਕ ਅਤੇ ਸਮਾਜਿਕ ਸਾਂਝ ਨੂੰ ਮਜ਼ਬੂਤ ਕਰਨ ਦੀ ਲੋੜ ਹੈ | ਇਸ ਮੌਕੇ ਸ੍ਰੀ ਨੈਣਾਂ ਦੇਵੀ ਮੰਦਰ ਕਮੇਟੀ ਦੇ ਪ੍ਰਧਾਨ ਰਾਣਾ ਗਿਆਨ ਸਿੰਘ ਘੰਡੌਲੀ, ਸਤੀਸ਼ ਕੁਮਾਰ ਸ਼ਰਮਾ, ਅਰੁਣ ਕੁਮਾਰ ਸ਼ਰਮਾ, ਸੰਜੀਵ ਰਾਣਾ, ਰਾਜਿੰਦਰ ਸਿੰਘ, ਦਵਿੰਦਰ ਸਿੰਘ, ਰਣਬੀਰ ਸਿੰਘ ਸਮੇਤ ਸਮੁੱਚੇ ਪ੍ਰਬੰਧਕ ਕਮੇਟੀ ਮੈਂਬਰ ਵੀ ਹਾਜ਼ਰ ਸਨ |