ਕੁਰਾਲੀ, 27 ਮਾਰਚ (ਬਿੱਲਾ ਅਕਾਲਗੜ੍ਹੀਆ)-ਠੇਕੇਦਾਰ ਅਮਰਜੀਤ ਸਿੰਘ ਮੈਮੋਰੀਅਲ ਕਲੱਬ ਵਲੋਂ ਕਰਵਾਈ ਜਾ ਰਹੀ ਪਹਿਲੀ ਜ਼ਿਲ੍ਹਾ ਮੁਹਾਲੀ ਪੰਜਾਬ ਪੇਂਡੂ ਫੁੱਟਬਾਲ ਲੀਗ ਦੇ ਸੈਮੀਫਾਈਨਲ ਤੇ ਫਾਈਨਲ ਮੁਕਾਬਲੇ 29 ਮਾਰਚ ਨੂੰ ਸਿੰਘਪੁਰਾ ਰੋਡ 'ਤੇ ਸਥਿਤ ਫੁੱਟਬਾਲ ਸਟੇਡੀਅਮ ਵਿਖੇ ਖੇਡੇ ਜਾਣਗੇ | ਇਸ ਸੰਬੰਧੀ ਲੀਗ ਦੇ ਸਰਪ੍ਰਸਤ ਰਣਜੀਤ ਸਿੰਘ ਜੀਤੀ ਪਡਿਆਲਾ ਅਤੇ ਕੋਚ ਜਸਮੀਤ ਸਿੰਘ ਨੇ ਦੱਸਿਆ ਕਿ ਲੀਗ ਦੇ ਸੈਮੀਫਾਈਨਲ ਤੇ ਫਾਈਨਲ ਮੁਕਾਬਲੇ ਫੁੱਟਬਾਲ ਕਲੱਬ ਕੁਰਾਲੀ, ਫੁੱਟਬਾਲ ਕਲੱਬ ਚਤਾਮਲੀ, ਫੁੱਟਬਾਲ ਕਲੱਬ ਖਿਜ਼ਰਾਬਾਦ ਅਤੇ ਫੁੱਟਬਾਲ ਕਲੱਬ ਚਨਾਲੋਂ ਦੀਆਂ ਟੀਮਾਂ ਵਿਚਕਾਰ ਖੇਡੇ ਜਾਣਗੇ | ਉਨ੍ਹਾਂ ਕਿਹਾ ਕਿ ਇਸ ਲੀਗ ਦਾ ਮਕਸਦ ਪਿੰਡਾਂ ਦੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨਾ ਅਤੇ ਉਨ੍ਹਾਂ 'ਚ ਖੇਡਾਂ ਪ੍ਰਤੀ ਰੁਚੀ ਪੈਦਾ ਕਰਨਾ ਹੈ | ਉਨ੍ਹਾਂ ਅੱਗੇ ਦੱਸਿਆ ਕਿ ਲੀਗ ਦੀਆਂ ਜੇਤੂ ਟੀਮਾਂ ਨੂੰ ਨਕਦ ਇਨਾਮਾਂ ਨਾਲ ਸਨਮਾਨਿਤ ਕੀਤਾ ਜਾਵੇਗਾ | ਉਨ੍ਹਾਂ ਦੱਸਿਆ ਕਿ ਪਹਿਲਾ ਇਨਾਮ 51 ਹਜ਼ਾਰ ਰੁ., ਦੂਜਾ ਇਨਾਮ 31 ਹਜ਼ਾਰ ਰੁ. ਤੇ ਤੀਜਾ ਤੇ ਚੌਥਾ ਇਨਾਮ 81,00-81,00 ਰੁ., ਜਦਕਿ ਪੰਜਵਾਂ, ਛੇਵਾਂ, ਸੱਤਵਾਂ ਅਤੇ ਅੱਠਵਾਂ ਇਨਾਮ 51,00-51,00 ਰੁ. ਦਿੱਤਾ ਜਾਵੇਗਾ | ਇਸ ਮੌਕੇ ਕੌਂਸਲਰ ਰਮਾਕਾਂਤ ਕਾਲੀਆ, ਜੱਗੀ ਗੌਤਮ, ਮਨੋਜ ਕੁਮਾਰ ਸਨੂਪੀ, ਰਾਜਦੀਪ ਸਿੰਘ ਹੈਪੀ, ਧੀਰਜ ਧੀਮਾਨ ਹੈਪੀ ਅਤੇ ਆਸ਼ੀਸ਼ ਸ਼ਰਮਾ ਸਮੇਤ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਵੀ ਹਾਜ਼ਰ ਸਨ |