ਮੁੱਲਾਂਪੁਰ ਗਰੀਬਦਾਸ, 27 ਮਾਰਚ (ਦਿਲਬਰ ਸਿੰਘ ਖੈਰਪੁਰ)-ਨਿਊ ਚੰਡੀਗੜ੍ਹ ਇਲਾਕੇ ਵਿਚ ਸੜਕੀ ਨਿਯਮਾਂ ਦੀ ਪਾਲਣਾ ਨਾ ਕਰਨ ਦੀਆਂ ਮਿਲ ਰਹੀਆਂ ਸ਼ਿਕਾਇਤਾਂ ਦੇ ਮੱਦੇਨਜ਼ਰ ਵਾਹਨ ਚਾਲਕਾਂ ਖਿਲਾਫ ਸਥਾਨਕ ਟ੍ਰੈਫ਼ਿਕ ਪੁਲਿਸ ਆਉਂਦੇ ਦਿਨਾਂ 'ਚ ਸਖਤੀ ਵਰਤਣ ਦੇ ਰੌਂਅ ਵਿਚ ਨਜ਼ਰ ਆ ਰਹੀ ਹੈ | ਇਸ ਮਾਮਲੇ ਵਿਚ ਸਪਸ਼ੱਟ ਸੰਦੇਸ਼ ਦਿੰਦੇ ਹੋਏ ਟ੍ਰੈਫਿਕ ਇੰਚਾਰਜ ਸੁਖਮੰਦਰ ਸਿੰਘ ਨੇ ਕਿਹਾ ਕਿ ਨਸ਼ਾ ਕਰਕੇ ਵਾਹਨ ਚਲਾਉਣ ਵਾਲੇ ਜ਼ਿਆਦਾਤਰ ਵਾਹਨ ਚਾਲਕ ਹਮੇਸ਼ਾਂ ਹਾਦਸਿਆਂ ਦਾ ਕਾਰਨ ਬਣਦੇ ਹਨ ਅਤੇ ਉਥੇ ਹੀ ਬਿਨਾਂ ਕਾਗਜ਼ਾਤ ਸੜਕਾਂ 'ਤੇ ਵਾਹਨ ਲੈ ਕੇ ਘੁੰਮਣ ਵਾਲੇ ਅਣਜਾਣ/ਅਣਪਛਾਤੇ ਲੋਕ ਕਈ ਵਾਰ ਅਣਸੁਖਾਵੀਆਂ ਘਟਨਾਵਾਂ ਨੂੰ ਅੰਜਾਮ ਦੇ ਜਾਂਦੇ ਹਨ, ਜਿਨ੍ਹਾਂ ਨੂੰ ਵਾਰਦਾਤ ਤੋਂ ਬਾਅਦ ਲੱਭਣਾ ਔਖਾ ਹੋ ਜਾਂਦਾ ਹੈ | ਸਥਾਨਕ ਵਾਹਨ ਚਾਲਕਾਂ ਵਲੋਂ ਬਣਾਏ ਆਰਜ਼ੀ ਢਾਂਚੇ ਬਿਨਾਂ ਪ੍ਰਵਾਨਗੀ ਤੋਂ ਬੈਠਣ ਦੀ ਸਖ਼ਤ ਮਨਾਹੀ ਕਰਦਿਆਂ ਟ੍ਰੈਫਿਕ ਇੰਚਾਰਜ਼ ਨੇ ਕਿਹਾ ਕਿ ਲੋੜੀਂਦੀਆਂ ਸ਼ਰਤਾਂ 'ਤੇ ਪ੍ਰਸ਼ਾਸਨ ਵਲੋਂ ਨਾ-ਮਨਜ਼ੂਰਸ਼ੁਦਾ ਟੈਕਸੀ ਸਟੈਂਡ ਦੇ ਨਾਂਅ 'ਤੇ ਬਣੇ ਢਾਂਚਿਆਂ 'ਤੇ ਬੈਠਣ ਉੱਠਣ ਦੀ ਆਗਿਆ ਨਹੀਂ ਦਿੱਤੀ ਜਾਵੇਗੀ | ਇਸੇ ਲਈ ਐਸ. ਐਸ. ਪੀ. ਹਰਮਨਦੀਪ ਸਿੰਘ ਹਾਂਸ, ਐਸ. ਪੀ. ਟ੍ਰੈਫਿਕ ਮਨਪ੍ਰੀਤ ਸਿੰਘ, ਡੀ. ਐਸ. ਪੀ. ਕਰਨੈਲ ਸਿੰਘ ਦੇ ਸਖ਼ਤ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਜਿਹੇ ਗਲਤ ਅਨਸਰਾਂ 'ਤੇ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ | ਉਨ੍ਹਾਂ ਕਿਹਾ ਕਿ ਜਿਆਦਾਤਰ ਪ੍ਰਾਈਵੇਟ ਸਕੂਲਾਂ ਵਿਚ ਬੱਚਿਆਂ ਨੂੰ ਲਿਜਾਣ ਵਾਲੇ ਆਟੋ ਚਾਲਕ ਵੀ ਕਈ ਵਾਰ ਨਸ਼ਾ ਕਰਕੇ ਵਾਹਨ ਚਲਾਉਣ ਸਮੇਂ ਬੱਚਿਆਂ ਦੀ ਜਿੰਦਗੀ ਜੋਖਮ ਵਿਚ ਪਾ ਦਿੰਦੇ ਹਨ, ਇਸ ਲਈ ਉਨ੍ਹਾਂ ਨੂੰ ਵੀ ਸਖ਼ਤ ਚੇਤਾਵਨੀ ਦਿੱਤੀ ਗਈ ਹੈ | ਉਨ੍ਹਾਂ ਕਿਹਾ ਕਿ ਇਲਾਕੇ ਵਿਚ ਕਿਸੇ ਤਰ੍ਹਾਂ ਦੀ ਅਣਸੁਖਾਵੀਂ ਘਟਨਾ ਨਾ ਵਾਪਰੇ, ਇਸ ਲਈ ਟ੍ਰੈਫਿਕ ਪੁਲਿਸ ਵਲੋਂ ਸਪੈਸ਼ਲ ਨਾਕਿਆਂ 'ਤੇ ਚੈਕਿੰਗ ਮੁਹਿੰਮ ਆਰੰਭੀ ਗਈ ਹੈ |