ਐੱਸ. ਏ. ਐੱਸ. ਨਗਰ, 27 ਮਾਰਚ (ਕਪਿਲ ਵਧਵਾ)-ਵਿਦੇਸ਼ ਵਿਚ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ ਲੱਖਾਂ ਰੁ. ਦੀ ਠੱਗੀ ਮਾਰਨ ਦੇ ਦੋਸ਼ ਹੇਠ ਪੁਲਿਸ ਨੇ ਮਹਿਲਾ ਸਮੇਤ ਦੋ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਸ਼ਿਕਾਇਤਕਰਤਾ ਅਨੁਦੀਪ ਕੁਮਾਰ ਪਾਡੀ ਵਾਸੀ ਜ਼ਿਲ੍ਹਾ ਸ੍ਰੀਕਾਕੁਲਮ (ਆਂਧਰਾ ਪ੍ਰਦੇਸ਼) ਨੇ ਦੱਸਿਆ ਕਿ ਉਹ ਪੜ੍ਹਾਈ ਪੂਰੀ ਕਰਨ ਉਪਰੰਤ ਆਨਲਾਈਨ ਨੌਕਰੀ ਦੀ ਤਲਾਸ਼ ਕਰ ਰਿਹਾ ਸੀ | ਇਸੇ ਦੌਰਾਨ ਉਸ ਨੂੰ ਅਜ਼ਰਬੈਜਾਨ ਸਥਿਤ ਇਸਰੋਮਾਲ ਕੰਪਨੀ ਵਿਚ ਸੁਪਰਵਾਈਜ਼ਰ ਦੀਆਂ ਅਸਾਮੀਆਂ ਬਾਰੇ ਜਾਣਕਾਰੀ ਮਿਲੀ | ਇਸ ਸੰਬੰਧੀ ਉਸ ਦਾ ਸੰਪਰਕ ਦਿਵਿਆ ਚੌਹਾਨ ਅਤੇ ਦੀਪੂ ਨਾਲ ਹੋਇਆ, ਜੋ ਕਿ ਆਪਣੇ ਆਪ ਨੂੰ ਵਿਚੋਲਾ ਦੱਸਦੇ ਸਨ | ਦੋਵਾਂ ਨੇ ਉਸ ਨੂੰ ਅਤੇ ਉਸ ਦੇ ਦੋਸਤਾਂ ਨੂੰ ਮੁਹਾਲੀ ਦੇ ਫੇਜ਼-11 ਸਥਿਤ ਕੇਰਲਾ ਭਵਨ ਨੇੜੇ ਇਕ ਦਫ਼ਤਰ ਵਿਖੇ ਸੱਦਿਆ ਅਤੇ ਨੌਕਰੀ ਦਿਵਾਉਣ ਦੇ ਨਾਂਅ 'ਤੇ ਪ੍ਰਤੀ ਵਿਅਕਤੀ 2,80,000 ਰੁ. ਵਸੂਲ ਲਏ | ਇਸ ਤਰ੍ਹਾਂ ਉਨ੍ਹਾਂ ਵਲੋਂ ਕੁੱਲ 7,60,000 ਰੁ. ਅਦਾ ਕੀਤੇ ਗਏ | ਸ਼ਿਕਾਇਤਕਰਤਾ ਨੇ ਦੱਸਿਆ ਕਿ ਪੈਸੇ ਲੈਣ ਤੋਂ ਬਾਅਦ ਨਾ ਤਾਂ ਉਨ੍ਹਾਂ ਨੂੰ ਕੋਈ ਨੌਕਰੀ ਦਿਵਾਈ ਗਈ ਅਤੇ ਨਾ ਹੀ ਵਿਦੇਸ਼ ਭੇਜਣ ਦੀ ਕਾਰਵਾਈ ਆਰੰਭੀ ਗਈ | ਜਦੋਂ ਉਹ ਅਗਸਤ 2025 ਵਿਚ ਮੁੜ ਦਫ਼ਤਰ ਵਿਖੇ ਗਿਆ ਤਾਂ ਮੁਲਜ਼ਮਾਂ ਨੇ ਉਸ ਨੂੰ ਭਰੋਸੇ 'ਚ ਲੈ ਕੇ ਖਾਲੀ ਕਾਗਜ਼ਾਂ 'ਤੇ ਵੀ ਦਸਤਖ਼ਤ ਕਰਵਾ ਲਏ | ਇਸ ਤੋਂ ਬਾਅਦ ਦੋਵਾਂ ਮੁਲਜ਼ਮਾਂ ਨੇ ਫ਼ੋਨ ਕਾਲਾਂ ਦਾ ਜਵਾਬ ਦੇਣਾ ਵੀ ਬੰਦ ਕਰ ਦਿੱਤਾ | ਇਸ ਮਾਮਲੇ ਸੰਬੰਧੀ ਸ਼ਿਕਾਇਤਕਰਤਾ ਨੇ ਪਹਿਲਾ ਆਂਧਰਾ ਪ੍ਰਦੇਸ਼ ਵਿਖੇ ਜਨਤਕ ਸ਼ਿਕਾਇਤ ਨਿਵਾਰਣ ਪ੍ਰਣਾਲੀ ਰਾਹੀਂ ਸ਼ਿਕਾਇਤ ਦਿੱਤੀ ਸੀ ਅਤੇ ਬਾਅਦ ਵਿਚ ਸਥਾਨਕ ਥਾਣੇ ਵਿਖੇ ਰਿਪੋਰਟ ਦਰਜ ਕਰਵਾਈ | ਇਸ ਉਪਰੰਤ ਮਾਮਲੇ ਨੂੰ ਜਾਂਚ ਲਈ ਮੁਹਾਲੀ ਦੇ ਫੇਜ਼-11 ਵਿਚਲੇ ਥਾਣੇ ਵਿਖੇ ਟਰਾਂਸਫ਼ਰ ਕੀਤਾ ਗਿਆ | ਪੁਲਿਸ ਨੇ ਮੁਲਜ਼ਮਾਂ ਖ਼ਿਲਾਫ਼ ਬੀ. ਐੱਨ. ਐੱਸ. ਦੀ ਧਾਰਾ 318 (4) ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ | ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਮਲੇ ਦੀ ਸਾਰੇ ਪੱਖਾਂ ਦੀ ਜਾਂਚ ਕੀਤੀ ਜਾ ਰਹੀ ਹੈ |