ਖਰੜ, 3 ਅਪ੍ਰੈਲ (ਗੁਰਮੁੱਖ ਸਿੰਘ ਮਾਨ)-ਨਗਰ ਕੌਂਸਲ ਖਰੜ ਦੀ ਪ੍ਰਧਾਨ ਬੀਬੀ ਅੰਜੂ ਚੰਦਰ ਵਲੋਂ ਪੰਜਾਬ ਸੀਵਰੇਜ ਬੋਰਡ ਦੇ ਐਸ. ਡੀ. ਓ. ਦੀਪਕ ਅਤੇ ਨਗਰ ਕੌਂਸਲ ਖਰੜ ਦੇ ਜੀ. ਐਮ. ਸਮੇਤ ਹੋਰਨਾਂ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਸਰਕਾਰ ਵਲੋਂ ਲਗਾਏ ਜਾ ਰਹੇ ਐਸ. ਟੀ. ਪੀ. ਦੇ ਵਿਕਾਸ ਬਾਰੇ ਜਾਣਕਾਰੀ ਹਾਸਿਲ ਕੀਤੀ ਗਈ | ਇਸ ਤੋਂ ਇਲਾਵਾ ਨਗਰ ਕੌਂਸਲ ਵਲੋਂ ਖਰੜ ਸ਼ਹਿਰ ਦੇ ਵਸਨੀਕਾਂ ਨੂੰ ਸਾਫ਼- ਸੁਥਰਾ ਪੀਣ ਵਾਲਾ ਪਾਣੀ ਮੁਹੱਈਆ ਕਰਵਾਉਣ ਲਈ ਜੋ 8 ਟਿਊਬਵੈੱਲ ਪਾਸ ਕੀਤੇ ਗਏ ਸਨ, ਉਨ੍ਹਾਂ ਬਾਰੇ ਵੀ ਸੀਵਰੇਜ ਬੋਰਡ ਦੇ ਐਸ. ਡੀ. ਓ. ਤੋਂ ਜਾਣਕਾਰੀ ਹਾਸਿਲ ਕੀਤੀ ਗਈ | ਇਸ ਮੌਕੇ ਐਸ. ਡੀ. ਓ. ਨੇ ਕੌਂਸਲ ਪ੍ਰਧਾਨ ਬੀਬੀ ਅੰਜੂ ਚੰਦਰ ਦੇ ਧਿਆਨ ਵਿਚ ਲਿਆਂਦਾ ਕਿ ਜੋ ਟੈਂਕੀ ਮੰਡੇਰ ਨਗਰ ਨਾਲ ਪੈਂਦੇ ਭਗਤ ਘਾਟ ਦੇ ਨੇੜੇ ਲੱਗ ਸਕਦੀ ਹੈ, ਉਸ ਬਾਰੇ ਕਈ ਲੋਕਾਂ ਵਲੋਂ ਇਤਰਾਜ਼ ਜਤਾਇਆ ਜਾ ਰਿਹਾ ਹੈ | ਇਸੇ ਦੌਰਾਨ ਕੌਂਸਲ ਪ੍ਰਧਾਨ ਅੰਜੂ ਚੰਦਰ ਵਲੋਂ ਸ਼ਹਿਰ ਵਾਸੀਆਂ ਨੂੰ ਬੇਨਤੀ ਕੀਤੀ ਗਈ ਕਿ ਜੇਕਰ ਪਾਣੀ ਲਈ ਟੈਂਕੀ ਬਣੇਗੀ ਤਾਂ ਸ਼ਹਿਰ ਵਾਸੀਆਂ ਦੀ ਪਾਣੀ ਦੀ ਸਮੱਸਿਆ ਵੀ ਪੱਕੇ ਤੌਰ 'ਤੇ ਹੱਲ ਹੋਵੇਗੀ |