ਚੰਡੀਗੜ੍ਹ, 10 ਅਪ੍ਰੈਲ (ਅਜਾਇਬ ਸਿੰਘ ਔਜਲਾ)- ਇੱਥੇ ਕਰਵਾਏ ਗਿਆ 11 ਰੋਜ਼ਾ ਮਰਹੂਮ ਨਾਟਕਕਾਰ ਡਾ. ਹਰਚਰਨ ਸਿੰਘ ਯਾਦਗਾਰੀ ਰੰਗਮੰਚ ਉਤਸਵ ਅੱਜ ਸ਼ਾਨੋ-ਸ਼ੌਕਤ ਨਾਲ ਸਮਾਪਤ ਹੋਇਆ | ਉਤਸਵ ਦੌਰਾਨ ਅੱਜ ਰੰਗਮੰਚ ਦੇ ਪ੍ਰਸਿੱਧ ਫ਼ਨਕਾਰ ਮਲਕੀਤ ਰੌਣੀ, ਸ਼ਵਿੰਦਰ ਮਾਹਲ , ਨਿਰਮਲ ਜੋੜਾ, ਡਾ. ਸਾਹਿਬ ਸਿੰਘ, ਗੁਰਪ੍ਰੀਤ ਭੰਗੂ ਆਦਿ ਨੇ ਵੀ ਸ਼ਿਰਕਤ ਕੀਤੀ | ਪੰਜਾਬ ਕਲਾ ਭਵਨ, ਸੈਕਟਰ 16-ਬੀ, ਚੰਡੀਗੜ੍ਹ ਵਿਚ ਭਾਵਨਾਵਾਂ ਅਤੇ ਤਾਲੀਆਂ ਦੀ ਗੂੰਜ ਸੁਣਾਈ ਦਿੱਤੀ, ਜਦੋਂ ਪੰਜਾਬ ਕਲਾ ਪਰਿਸ਼ਦ ਅਤੇ ਪੰਜਾਬ ਸੰਗੀਤ ਨਾਟਕ ਅਕੈਡਮੀ ਦੇ 11 ਰੋਜ਼ਾ ਰੰਗਮੰਚ ਉਤਸਵ ਵਿਚ ਮਹਿਤਾਬ ਆਰਟਸ ਸੋਸਾਇਟੀ ਨੇ ਆਪਣੀ ਨਵੀਂ ਪੇਸ਼ਕਾਰੀ TਰੁੱਕਾU ਇਕ ਭਰੇ ਹੋਏ ਆਡੀਟੋਰੀਅਮ ਵਿਚ ਪੇਸ਼ ਕੀਤੀ | ਇਹ ਨਾਟਕ ਡਾ. ਕੁਲਬੀਰ ਕੌਰ ਵਿਰਕ ਦੁਆਰਾ ਲਿਖਿਆ ਗਿਆ ਹੈ ਅਤੇ ਡਾ. ਕੁਲਬੀਰ ਕੌਰ ਵਿਰਕ ਅਤੇ ਹਰਪ੍ਰੀਤ ਸਿੰਘ ਵਿਰਕ ਵਲੋਂ ਸਾਂਝੇ ਤੌਰ 'ਤੇ ਨਿਰਦੇਸ਼ਿਤ ਕੀਤਾ ਗਿਆ | TਰੁੱਕਾUਨੇ ਡਾ. ਵਿਰਕ ਦੇ ਆਪਣੇ ਪਰਿਵਾਰਕ ਇਤਿਹਾਸ ਨਾਲ ਜੁੜੀ ਇਕ ਸੱਚੀ ਅਤੇ ਦਿਲ ਨੂੰ ਛੂਹਣ ਵਾਲੀ ਕਹਾਣੀ ਨੂੰ ਰੰਗਮੰਚ 'ਤੇ ਜੀਵੰਤ ਕੀਤਾ, ਜਿਸਦਾ ਪਿਛੋਕੜ 1947 ਦੀ ਭਾਰਤ ਵੰਡ ਦੀ ਵਿਯੋਗਮਈ ਘਟਨਾ ਹੈ | ਨਾਟਕ ਵਿਚ ਇਕ ਵਿਰਲੇ ਮਨੁੱਖੀ ਹੌਸਲੇ ਦੀ ਕਹਾਣੀ ਦਰਸਾਈ ਗਈ, ਜਿੱਥੇ ਇਕ ਸਿੱਖ ਜੋੜੇ ਨੇ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਦੋ ਮੁਸਲਮਾਨ ਨੌਜਵਾਨਾਂ ਦੀ ਰੱਖਿਆ ਕੀਤੀ | ਕਹਾਣੀ ਦਾ ਕੇਂਦਰ ਇਕ ਸਧਾਰਨ ਚਿੱਠੀ TਰੁੱਕਾU ਹੈ, ਜੋ ਕਈ ਸਾਲਾਂ ਬਾਅਦ ਪਾਕਿਸਤਾਨ ਤੋਂ ਆਈ, ਜਿਸ ਵਿਚ ਧੰਨਵਾਦ ਅਤੇ ਯਾਦਾਂ ਭਰੀਆਂ ਹੋਈਆਂ ਸਨ | ਇਸ ਪੇਸ਼ਕਾਰੀ ਵਿਚ ਰਵਨੀਤ ਕੌਰ, ਜਸਵੀਰ ਕੁਮਾਰ, ਸ਼ੁਭਮ ਸੋਢੀ, ਅਮਿਤੇਸ਼ ਮਿਸ਼ਰਾ, ਰੰਧੀਰ ਸਿੰਘ ਸਿੱਧੂ, ਡਾ. ਮੀਨਾ ਜਿੰਦਲ, ਸੌਦਾਮਿਨੀ ਕਪੂਰ, ਦਲਵਿੰਦਰ ਕੌਰ, ਬਿਕਰਮਜੀਤ ਸਿੰਘ ਅਤੇ ਚਾਇਲਡ ਆਰਟਿਸਟ ਭਵਯਦੀਪ ਸਿੰਘ ਨੇ ਆਪਣੇ ਸ਼ਾਨਦਾਰ ਅਦਾਕਾਰੀ ਨਾਲ ਦਰਸ਼ਕਾਂ ਨੂੰ ਭਾਵੁਕ ਕਰ ਦਿੱਤਾ | ਨਾਟਕ ਦੀ ਰੂਹ ਨੂੰ ਛੂਹਣ ਵਾਲੀ ਸੰਗੀਤਕ ਰਚਨਾ ਮਸ਼ਹੂਰ ਸੂਫ਼ੀ ਗਾਇਕ ਸੋਹਣ ਫ਼ਰਿਆਦ ਕੋਟੀ ਅਤੇ ਉਨ੍ਹਾਂ ਦੀ ਪਤਨੀ ਜਵਲੀ ਫ਼ਰਿਆਦ ਕੋਟੀ ਵਲੋਂ ਕੀਤੀ ਗਈ, ਨਾਟਕ ਦੀ ਰਚਨਾਤਮਿਕ ਅਤੇ ਤਕਨੀਕੀ ਟੀਮ ਵਿਚ ਰੰਧੀਰ ਸਿੰਘ ਸਿੱਧੂ, ਚਰਨਜੀਤ ਸਿੰਘ , ਮਹਤਾਬ ਸਿੰਘ ਵਿਰਕ , ਹਰਪ੍ਰੀਤ ਸਿੰਘ ਵਿਰਕ, ਉਮਰਪ੍ਰੀਤ ਕੌਰ ਗਿੱਲ, ਪ੍ਰਭਦੀਪ ਸਿੰਘ ਢਾਲੀਵਾਲ ਅਤੇ ਸ਼ੁਭਮ ਸੋਢੀ ਆਦਿ ਦੀ ਭੂਮਿਕਾ ਵੀ ਅਹਿਮ ਰਹੀ | ਨਾਟਕ ਦੇ ਮੰਚਨ ਤੋਂ ਪਹਿਲਾਂ 11 ਰੋਜ਼ਾ ਰੰਗਮੰਚ ਉਤਸਵ ਵਿਚ ਪੇਸ਼ ਹੋਏ ਨਾਟਕਾਂ ਦੇ ਨਿਰਦੇਸ਼ਕ ਨੂੰ ਵਿਸ਼ੇਸ਼ ਤੌਰ ਤੇ ਬੁਲਾਇਆ ਗਿਆ ਅਤੇ 'ਨਿਰਦੇਸ਼ਕ ਸੰਗ ਸੰਵਾਦ' ਰਚਾਇਆ ਗਿਆ | ਇਸ ਸੰਵਾਦ ਵਿਚ ਨਾਟਕਕਾਰ ਸਾਹਿਬ ਸਿੰਘ, ਸੁਰਿੰਦਰ ਸ਼ਰਮਾ,ਅਕਸ ਮਹਿਰਾਜ, ਰਜਿੰਦਰ ਰਾਜਾ, ਪਰਮਿੰਦਰਪਾਲ ਕੌਰ , ਕੁਲਬੀਰ ਵਿਰਕ ਤੇ ਬਲਵਿੰਦਰ ਬੱੁਲਟ ਨੇ ਰੰਗਮੰਚ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ | ਸੰਗੀਤ ਨਾਟਕ ਅਕੈਡਮੀ ਪੰਜਾਬ ਦੇ ਸਕੱਤਰ ਨਿਰਮਲ ਜੌੜਾ ਉਪ ਪ੍ਰਧਾਨ ਰਾਜਵਿੰਦਰ ਸਮਰਾਲਾ ਨੇ ਆਏ ਹੋਏ ਮਹਿਮਾਨਾਂ ਅਤੇ ਦਰਸ਼ਕਾਂ ਦਾ ਧੰਨਵਾਦੀ ਸ਼ਬਦ ਕਹੇ |