ਐੱਸ. ਏ. ਐੱਸ. ਨਗਰ, 10 ਅਪ੍ਰੈਲ (ਪ੍ਰੋ. ਅਵਤਾਰ ਸਿੰਘ)-ਡਿਪਟੀ ਕਮਿਸ਼ਨਰ ਕੋਮਲ ਮਿੱਤਲ ਵਲੋਂ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਮਾਲ ਵਿਭਾਗ ਨਾਲ ਸੰਬੰਧਿਤ ਕਾਰਜਾਂ ਦੀ ਸਮੀਖਿਆ ਲਈ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਦੀ ਮੀਟਿੰਗ ਸੱਦੀ ਗਈ | ਇਸ ਮੌਕੇ ਡੀ. ਸੀ. ਨੇ ਜ਼ਿਲ੍ਹਾ ਅਧਿਕਾਰੀਆਂ ਨਾਲ ਵੱਖ-ਵੱਖ ਅਹਿਮ ਏਜੰਡਿਆਂ 'ਤੇ ਵਿਸਥਾਰ ਸਹਿਤ ਚਰਚਾ ਕਰਦੇ ਹੋਏ ਕੰਮਾਂ ਦੀ ਪ੍ਰਗਤੀ ਦੀ ਸਮੀਖਿਆ ਕੀਤੀ | ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸਰਕਾਰ ਵਲੋਂ ਮਾਲ ਵਿਭਾਗ ਵਲੋਂ ਚਲਾਈਆਂ ਜਾ ਰਹੀਆਂ ਯੋਜਨਾਵਾਂ ਅਤੇ ਸੇਵਾਵਾਂ ਨੂੰ ਸਮੇਂ ਸਿਰ ਅਤੇ ਪਾਰਦਰਸ਼ੀ ਢੰਗ ਨਾਲ ਲੋਕਾਂ ਤੱਕ ਪਹੁੰਚਾਇਆ ਜਾਵੇ | ਇਸ ਮੌਕੇ ਉਨ੍ਹਾਂ ਮੁੱਖ ਤੌਰ 'ਤੇ ਸਰਕਾਰ ਵਲੋਂ ਚਲਾਈ ਜਾ ਰਹੀ ਸਵਾਮਿਤਵਾ ਸਕੀਮ, ਲੰਬਿਤ ਇੰਤਕਾਲ, ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਦੇ ਬਿੱਲ ਤੇ ਜਮ੍ਹਾਂਬੰਦੀ ਨਾਲ ਸੰਬੰਧਿਤ ਬਕਾਇਆ ਮਾਮਲੇ, ਡਿਜ਼ੀਟਲ ਫ਼ਸਲ ਸਰਵੇਖਣ, ਬਰਸਾਤ ਕਾਰਨ ਹੋਏ ਨੁਕਸਾਨ ਦੀ ਵਿਸ਼ੇਸ਼ ਗਿਰਦਾਵਰੀ, ਮੌਨਸੂਨ ਦੌਰਾਨ ਆਉਣ ਵਾਲੇ ਹੜ੍ਹ ਦੀਆਂ ਤਿਆਰੀਆਂ ਅਤੇ ਮੁਆਵਜ਼ਾ ਵੰਡ ਸੰਬੰਧੀ ਕਾਰਜਾਂ ਦੀ ਸਮੀਖਿਆ ਕੀਤੀ | ਇਸ ਤੋਂ ਇਲਾਵਾ ਉਨ੍ਹਾਂ ਈ. ਜੀ. ਰਜਿਸਟਰੀ, ਜਨਗਣਨਾ ਸੰਬੰਧੀ ਤਿਆਰੀਆਂ ਅਤੇ ਐਸ. ਆਈ. ਆਰ. ਨਾਲ ਜੁੜੇ ਚੋਣ ਮਾਮਲਿਆਂ 'ਤੇ ਵੀ ਚਰਚਾ ਕੀਤੀ | ਇਸ ਤੋਂ ਬਾਅਦ ਉਨ੍ਹਾਂ ਸੰਬੰਧਿਤ ਵਿਭਾਗਾਂ ਨੂੰ ਹਦਾਇਤ ਕੀਤੀ ਕਿ ਸਾਰੇ ਮਾਮਲੇ ਤਰਜ਼ੀਹੀ ਆਧਾਰ 'ਤੇ ਨਿਪਟਾਏ ਜਾਣ | ਅੰਤ 'ਚ ਡੀ. ਸੀ. ਨੇ ਸਾਰੇ ਅਧਿਕਾਰੀਆਂ ਨੂੰ ਮਾਲ ਵਿਭਾਗ ਨਾਲ ਸੰਬੰਧਿਤ ਲੰਬਿਤ ਮਾਮਲਿਆਂ ਨੂੰ ਤੇਜ਼ੀ ਨਾਲ ਨਿਪਟਾਉਣ, ਜ਼ਮੀਨੀ ਰਿਕਾਰਡਾਂ 'ਚ ਪਾਰਦਰਸ਼ਤਾ ਬਣਾਈ ਰੱਖਣ ਅਤੇ ਸਮੇਂ ਸਿਰ ਨਿਰੀਖਣ ਰਾਹੀਂ ਨਾਗਰਿਕ-ਅਨੁਕੂਲ ਸੇਵਾ ਪ੍ਰਦਾਨ ਕਰਨ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ | ਇਸ ਮੌਕੇ ਏ. ਡੀ. ਸੀ. (ਜਨਰਲ) ਗੀਤਿਕਾ ਸਿੰਘ, ਐੱਸ. ਡੀ. ਐੱਮ. ਮੁਹਾਲੀ ਦਮਨਦੀਪ ਕੌਰ, ਐੱਸ. ਡੀ. ਐੱਮ. ਖਰੜ ਗੁਰਮੀਤ ਸਿੰਘ ਅਤੇ ਤਹਿਸੀਲਦਾਰ (ਚੋਣਾਂ) ਸੰਜੇ ਕੁਮਾਰ ਸਮੇਤ ਵੱਖ-ਵੱਖ ਵਿਭਾਗਾਂ ਦੇ ਸੀਨੀਅਰ ਅਧਿਕਾਰੀ ਵੀ ਹਾਜ਼ਰ ਸਨ |