ਚੰਡੀਗੜ੍ਹ, 16 ਅਪ੍ਰੈਲ (ਕਪਿਲ ਵਧਵਾ) ਚੰਡੀਗੜ੍ਹ ਸਾਈਬਰ ਕ੍ਰਾਈਮ ਪੁਲਿਸ ਨੇ ਡਿਜ਼ੀਟਲ ਅਰੇਸਟ ਦੇ ਨਾਮ 'ਤੇ ਕੀਤੀ ਜਾ ਰਹੀ ਠੱਗੀ ਦੇ ਮਾਮਲੇ 'ਚ ਤਿੰਨ ਮੁਲਜ਼ਮਾਂ ਨੂੰ ਗਿ੍ਫ਼ਤਾਰ ਕੀਤਾ ਹੈ | ਗਿ੍ਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਰਮੇਸ਼ ਅਜੈ ਭਾਈ ਅਭਚੁੰਗ, ਯੋਗੇਸ਼ ਦੇਵਜੀ ਮਹੇਸ਼ਵਰੀ ਅਤੇ ਹਿਤੇਸ਼ ਨਾਰਨ ਬੋਰੀਚਾ ਵਜੋਂ ਹੋਈ ਹੈ, ਜੋ ਕਿ ਗੁਜਰਾਤ ਦੇ ਗਾਂਧੀਧਾਮ ਇਲਾਕੇ ਦੇ ਰਹਿਣ ਵਾਲੇ ਹਨ | ਪੁਲਿਸ ਨੇ ਉਨ੍ਹਾਂ ਨੂੰ ਗੁਜਰਾਤ ਤੋਂ ਗਿ੍ਫ਼ਤਾਰ ਕਰਕੇ ਟਰਾਂਜ਼ਿਟ ਰਿਮਾਂਡ 'ਤੇ ਚੰਡੀਗੜ੍ਹ ਲਿਆਂਦਾ | ਅਦਾਲਤ 'ਚ ਪੇਸ਼ ਕਰਨ ਤੋਂ ਬਾਅਦ ਦੋ ਦਿਨਾਂ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਅਤੇ ਬਾਅਦ 'ਚ ਉਨ੍ਹਾਂ ਨੂੰ ਨਿਆਂਇਕ ਹਿਰਾਸਤ ਵਿਚ ਭੇਜ ਦਿੱਤਾ ਗਿਆ ਹੈ | ਪੁਲਿਸ ਦੇ ਅਨੁਸਾਰ ਇਹ ਮਾਮਲਾ ਦਸੰਬਰ 2025 'ਚ ਇਕ ਬਜ਼ੁਰਗ ਸ਼ਿਕਾਇਤਕਰਤਾ ਦੀ ਸ਼ਿਕਾਇਤ 'ਤੇ ਦਰਜ ਕੀਤਾ ਗਿਆ ਸੀ, ਜਿਸ ਵਿਚ ਮੁਲਜ਼ਮਾਂ ਨੇ ਡਿਜੀਟਲ ਅਰੇਸਟ ਦਾ ਡਰ ਦਿਖਾ ਕੇ ਉਸ ਤੋਂ ਵੱਖ-ਵੱਖ ਬੈਂਕ ਖਾਤਿਆਂ 'ਚ ਕਰੀਬ 46 ਲੱਖ ਰੁਪਏ ਜਮ੍ਹਾਂ ਕਰਵਾ ਲਏ ਸਨ | ਜਾਂਚ ਦੌਰਾਨ ਤਕਨੀਕੀ ਸਬੂਤਾਂ ਅਤੇ ਫੀਲਡ ਇਨਪੁੱਟ ਦੇ ਆਧਾਰ 'ਤੇ ਮੁਲਜ਼ਮਾਂ ਦੀ ਸ਼ਨਾਖ਼ਤ ਕੀਤੀ ਗਈ | ਜਾਂਚ 'ਚ ਸਾਹਮਣੇ ਆਇਆ ਕਿ ਮੁੱਖ ਮੁਲਜ਼ਮ ਰਮੇਸ਼ ਨੇ ਆਪਣਾ ਬੈਂਕ ਖਾਤਾ ਕਮਿਸ਼ਨ ਦੇ ਬਦਲੇ ਹੋਰ ਸਾਥੀਆਂ ਨੂੰ ਉਪਲਬਧ ਕਰਵਾਇਆ ਸੀ, ਜਿਸ ਰਾਹੀਂ ਠੱਗੀ ਦੀ ਰਕਮ ਨੂੰ ਵੱਖ-ਵੱਖ ਖਾਤਿਆਂ 'ਚ ਟਰਾਂਸਫ਼ਰ ਕੀਤਾ ਜਾਂਦਾ ਸੀ | ਪੁੱਛਗਿੱਛ ਦੌਰਾਨ ਇਹ ਵੀ ਖ਼ੁਲਾਸਾ ਹੋਇਆ ਕਿ ਇਹ ਗਰੋਹ ਹੋਰ ਸਾਥੀਆਂ ਦੇ ਨਾਲ ਮਿਲ ਕੇ ਸਾਈਬਰ ਠੱਗੀਆਂ ਨੂੰ ਅੰਜਾਮ ਦੇ ਰਿਹਾ ਸੀ | ਪੁਲਿਸ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਹਾਲੇ ਜਾਰੀ ਹੈ ਅਤੇ ਹੋਰ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ |