ਚੰਡੀਗੜ੍ਹ, 17 ਅਪ੍ਰੈਲ (ਸੰਦੀਪ ਕੁਮਾਰ ਮਾਹਨਾ)-ਚੰਗੇ ਭਵਿੱਖ ਦੀ ਉਮੀਦ 'ਚ ਰੂਸ ਗਏ ਚੰਡੀਗੜ੍ਹ ਦੇ ਇਕ ਨੌਜਵਾਨ ਦੀ ਜੰਗ ਦੌਰਾਨ ਮੌਤ ਹੋਣ ਨਾਲ ਪਰਿਵਾਰ 'ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ | ਮਿ੍ਤਕ ਦੇ ਪਰਿਵਾਰ ਨੇ ਗੰਭੀਰ ਦੋਸ਼ ਲਗਾਇਆ ਹੈ ਕਿ ਇਮੀਗ੍ਰੇਸ਼ਨ ਏਜੰਟਾਂ ਨੇ ਨੌਕਰੀ ਤੇ ਪੜ੍ਹਾਈ ਦੇ ਨਾਂਅ 'ਤੇ ਉਸ ਨੂੰ ਵਿਦੇਸ਼ ਭੇਜਿਆ, ਜਿਥੇ ਪਹੁੰਚਣ ਉਪਰੰਤ ਉਸ ਨੂੰ ਧੋਖੇ ਨਾਲ ਰੂਸੀ ਫ਼ੌਜ 'ਚ ਭਰਤੀ ਕਰ ਦਿੱਤਾ ਗਿਆ | ਮਿ੍ਤਕ ਦੀ ਪਛਾਣ ਅੰਸ਼ੁ (25) ਵਜੋਂ ਹੋਈ ਹੈ, ਜੋ ਚੰਡੀਗੜ੍ਹ ਦੇ ਸੈਕਟਰ-29 ਦਾ ਰਹਿਣ ਵਾਲਾ ਸੀ | ਉਸ ਦੇ ਪਿਤਾ ਰਾਕੇਸ਼ ਕੁਮਾਰ ਚੰਡੀਗੜ੍ਹ ਟਰਾਂਸਪੋਰਟ ਅੰਡਰਟੇਕਿੰਗ (ਸੀ. ਟੀ. ਯੂ.) 'ਚ ਕਰਮਚਾਰੀ ਹਨ | ਪਰਿਵਾਰ ਅਨੁਸਾਰ ਅੰਸ਼ੁ 20 ਅਪ੍ਰੈਲ 2025 ਨੂੰ ਸਟੱਡੀ ਵੀਜ਼ੇ 'ਤੇ ਰੂਸ ਗਿਆ ਸੀ | ਉਸ ਦੀ ਪੜ੍ਹਾਈ ਵੀ ਚੰਡੀਗੜ੍ਹ ਵਿਚ ਹੀ ਹੋਈ ਸੀ ਤੇ ਪਰਿਵਾਰ ਨੇ ਉਸ ਦੇ ਚੰਗੇ ਭਵਿੱਖ ਲਈ ਕਰੀਬ 6 ਲੱਖ ਰੁਪਏ ਖ਼ਰਚ ਕਰਕੇ ਅੰਸ਼ੂ ਨੂੰ ਵਿਦੇਸ਼ ਭੇਜਿਆ ਸੀ | ਪਰਿਵਾਰ ਨੇ ਦੱਸਿਆ ਕਿ 4 ਅਪ੍ਰੈਲ ਨੂੰ ਉਨ੍ਹਾਂ ਨੂੰ ਇਕ ਸਾਬਕਾ ਰੂਸੀ ਸੈਨਿਕ ਵਲੋਂ ਫ਼ੋਨ ਆਇਆ, ਜਿਸ ਨੇ ਅੰਸ਼ੂ ਦੀ ਮੌਤ ਦੀ ਸੂਚਨਾ ਦਿੱਤੀ | ਰੂਸੀ ਸੈਨਿਕ ਦੇ ਅਨੁਸਾਰ ਅੰਸ਼ੂ ਦੀ ਮੌਤ ਜੰਗ ਦੇ ਮੈਦਾਨ ਵਿਚ ਹੋਈ | ਪਰਿਵਾਰ ਦਾ ਕਹਿਣਾ ਹੈ ਕਿ ਅਜੇ ਤੱਕ ਉਸ ਦੀ ਮਿ੍ਤਕ ਦੇਹ ਨੂੰ ਮਾਸਕੋ ਨਹੀਂ ਲਿਆਂਦਾ ਗਿਆ ਅਤੇ ਮਿ੍ਤਕ ਦੇਹ ਨੂੰ ਮਾਸਕੋ ਲਿਆਉਣ ਤੋਂ ਬਾਅਦ ਭਾਰਤ ਵਾਪਸ ਲਿਆਉਣ 'ਚ 10 ਤੋਂ 15 ਦਿਨ ਲੱਗ ਸਕਦੇ ਹਨ | ਪਰਿਵਾਰਕ ਮੈਂਬਰਾਂ ਨੇ ਦੋਸ਼ ਲਗਾਇਆ ਹੈ ਕਿ ਅੰਸ਼ੁ ਨੂੰ ਸੋਨੀਪਤ ਦੇ ਇਕ ਟਰੈਵਲ ਏਜੰਟ ਰਾਹੀਂ ਰੂਸ ਭੇਜਿਆ ਗਿਆ ਸੀ | ਉਨ੍ਹਾਂ ਦਾ ਕਹਿਣਾ ਹੈ ਕਿ ਨੌਕਰੀ ਅਤੇ ਸੁਨਹਿਰੇ ਭਵਿੱਖ ਦੇ ਸੁਪਨੇ ਦਿਖਾ ਕੇ ਅੰਸ਼ੂ ਨੂੰ ਫਸਾਇਆ ਗਿਆ ਅਤੇ ਉਥੇ ਪਹੁੰਚਣ ਤੋਂ ਬਾਅਦ ਉਸ ਨੂੰ ਜ਼ਬਰਦਸਤੀ ਫ਼ੌਜ 'ਚ ਭਰਤੀ ਕਰ ਦਿੱਤਾ ਗਿਆ | ਨਵੰਬਰ 2025 ਤੋਂ ਬਾਅਦ ਪਰਿਵਾਰ ਦਾ ਉਸ ਨਾਲ ਸੰਪਰਕ ਵੀ ਟੁੱਟ ਗਿਆ ਸੀ, ਜਿਸ ਨਾਲ ਉਹ ਪਹਿਲਾਂ ਤੋਂ ਹੀ ਚਿੰਤਤ ਸਨ ਤੇ ਹੁਣ ਅੰਸ਼ੂ ਦੇ ਮੌਤ ਦੀ ਖ਼ਬਰ ਨਾਲ ਪੂਰੇ ਪਰਿਵਾਰ ਨੂੰ ਹਿਲਾ ਕੇ ਰੱਖ ਦਿੱਤਾ ਹੈ |