ਚੰਡੀਗੜ੍ਹ, 17 ਅਪ੍ਰੈਲ (ਸੰਦੀਪ ਕੁਮਾਰ ਮਾਹਨਾ) ਚੰਡੀਗੜ੍ਹ ਦੀ ਬੁੜੈਲ ਮਾਡਲ ਜੇਲ੍ਹ ਵਿਚ ਸੁਰੱਖਿਆ ਪ੍ਰਬੰਧਾਂ ਦਰਮਿਆਨ ਇਕ ਵੱਡੀ ਸਾਜ਼ਿਸ਼ ਨੂੰ ਜੇਲ੍ਹ ਪ੍ਰਸ਼ਾਸਨ ਦੀ ਚੌਕਸੀ ਨੇ ਸਮੇਂ ਸਿਰ ਨਾਕਾਮ ਕਰ ਦਿੱਤਾ | ਇਕ ਕੈਦੀ ਤੱਕ ਗ਼ੈਰਕਾਨੰੂਨੀ ਤਰੀਕੇ ਨਾਲ ਮੋਬਾਈਲ ਸਿਮ ਕਾਰਡ ਅਤੇ ਬੈਟਰੀਆਂ ਪਹੁੰਚਾਉਣ ਦੀ ਕੋਸ਼ਿਸ਼ ਕਰਦਿਆਂ ਦੋ ਔਰਤਾਂ ਨੂੰ ਗਿ੍ਫ਼ਤਾਰ ਕਰ ਲਿਆ ਗਿਆ | ਗਿ੍ਫ਼ਤਾਰ ਮਹਿਲਾਵਾਂ ਦੀ ਪਹਿਚਾਣ ਪਰਮਜੀਤ ਕੌਰ ਅਤੇ ਜੋਤੀ ਵਜੋਂ ਹੋਈ ਹੈ, ਜੋ ਸੈਕਟਰ-38 ਦੇ ਡੱਡੂਮਾਜਰਾ ਕਾਲੋਨੀ ਦੀ ਰਹਿਣ ਵਾਲੀਆਂ ਹਨ | ਜਾਣਕਾਰੀ ਮੁਤਾਬਕ ਪਰਮਜੀਤ ਕੌਰ ਦਾ ਪੁੱਤਰ ਰਾਹੁਲ ਬੁੜੈਲ ਜੇਲ੍ਹ ਵਿਚ ਬੰਦ ਹੈ | ਮੰਗਲਵਾਰ ਦੁਪਹਿਰ ਕਰੀਬ 3:30 ਵਜੇ ਦੋਵੇਂ ਔਰਤਾਂ ਮੁਲਾਕਾਤ ਲਈ ਜੇਲ੍ਹ ਪਹੁੰਚੀਆਂ ਸਨ | ਮੁਲਾਕਾਤ ਦੌਰਾਨ ਉਨ੍ਹਾਂ ਵਲੋਂ ਕੈਦੀ ਰਾਹੁਲ ਨੂੰ ਅਮਰੂਦ ਅਤੇ ਕੇਲੇ ਦਿੱਤੇ ਗਏ | ਇਸ ਦੌਰਾਨ ਡਿਊਟੀ 'ਤੇ ਤਾਇਨਾਤ ਜੇਲ੍ਹ ਮੁਲਾਜ਼ਮਾਂ ਨੂੰ ਸ਼ੱਕ ਹੋਇਆ ਅਤੇ ਫ਼ਲਾਂ ਦੀ ਤਲਾਸ਼ੀ ਲਈ ਗਈ | ਤਲਾਸ਼ੀ ਦੌਰਾਨ ਫ਼ਲਾਂ ਦੇ ਅੰਦਰ ਲੁਕਾਏ ਹੋਏ ਦੋ ਮੋਬਾਈਲ ਸਿਮ ਕਾਰਡ ਅਤੇ ਦੋ ਬੈਟਰੀਆਂ ਬਰਾਮਦ ਹੋਈਆਂ, ਜਿਸ ਨਾਲ ਜੇਲ੍ਹ ਪ੍ਰਸ਼ਾਸਨ 'ਚ ਹੜਕੰਪ ਮਚ ਗਿਆ | ਮੌਕੇ 'ਤੇ ਮੁਲਾਜ਼ਮਾਂ ਵਲੋਂ ਤੁਰੰਤ ਉੱਚ ਅਧਿਕਾਰੀਆਂ ਨੂੰ ਸੂਚਿਤ ਕੀਤਾ ਗਿਆ ਅਤੇ ਸੈਕਟਰ-49 ਥਾਣਾ ਪੁਲਿਸ ਨੂੰ ਮੌਕੇ 'ਤੇ ਬੁਲਾਇਆ ਗਿਆ | ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਬਰਾਮਦ ਸਮਾਨ ਨੂੰ ਕਬਜ਼ੇ 'ਚ ਲੈ ਲਿਆ ਅਤੇ ਪਰਮਜੀਤ ਕੌਰ, ਜੋਤੀ ਅਤੇ ਕੈਦੀ ਰਾਹੁਲ ਖ਼ਿਲਾਫ਼ ਜੇਲ੍ਹ ਐਕਟ ਦੀਆਂ ਸੰਬੰਧਿਤ ਧਾਰਾਵਾਂ ਹੇਠ ਮਾਮਲਾ ਦਰਜ ਕਰ ਲਿਆ | ਦੋਵੇਂ ਔਰਤਾਂ ਨੂੰ ਗਿ੍ਫ਼ਤਾਰ ਕਰ ਅਦਾਲਤ 'ਚ ਪੇਸ਼ ਕੀਤਾ ਗਿਆ, ਜਿੱਥੋਂ ਉਨ੍ਹਾਂ ਨੂੰ ਨਿਆਂਇਕ ਹਿਰਾਸਤ ਵਿਚ ਭੇਜ ਦਿੱਤਾ ਗਿਆ ਹੈ |