ਲਾਲੜੂ, 17 ਅਪ੍ਰੈਲ (ਰਾਜਬੀਰ ਸਿੰਘ)-ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਜ਼ਿਲ੍ਹਾ ਕਨਵੀਨਰ ਜਸਵਿੰਦਰ ਸਿੰਘ ਟਿਵਾਣਾ ਦੀ ਅਗਵਾਈ 'ਚ ਲਾਲੜੂ ਮੰਡੀ ਸਥਿਤ ਐਕਸੀਅਨ ਦਫ਼ਤਰ ਅੱਗੇ ਬਿਜਲੀ ਦੇ ਲੰਮੇ-ਲੰਮੇ ਲੱਗ ਰਹੇ ਕੱਟਾਂ ਨੂੰ ਲੈ ਕੇ ਜਿਥੇ ਰੋਸ ਪ੍ਰਦਰਸ਼ਨ ਕੀਤਾ, ਉਥੇ ਹੀ ਪੰਜਾਬ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜੀ ਵੀ ਕੀਤੀ ਗਈ | ਇਸ ਮੌਕੇ ਕਿਸਾਨ ਆਗੂਆਂ ਨੇ ਬਿਜਲੀ ਵਿਭਾਗ ਖ਼ਿਲਾਫ਼ ਨਾਰਾਜ਼ਗੀ ਵੀ ਪ੍ਰਗਟ ਕੀਤੀ ਕਿਉਂਕਿ ਪਿਛਲੇ ਦਿਨਾਂ ਤੋਂ ਲਾਲੜੂ, ਹੰਡੇਸਰਾ ਤੇ ਨਾਲ ਲੱਗਦੇ ਇਲਾਕਿਆਂ ਦੇ ਪਿੰਡਾਂ 'ਚ ਬਿਜਲੀ ਦੇ ਲੰਮੇ-ਲੰਮੇ ਕੱਟ ਲੱਗ ਰਹੇ ਹਨ, ਜਿਸ ਕਾਰਨ ਪੀਣ ਵਾਲੇ ਪਾਣੀ ਦੀ ਕਿੱਲਤ ਹੋ ਗਈ ਹੈ ਤੇ ਲੋਕ ਗਰਮੀ ਦੇ ਕਾਰਨ ਬਹੁਤ ਜ਼ਿਆਦਾ ਪ੍ਰੇਸ਼ਾਨ ਹਨ | ਇਸ ਤੋਂ ਇਲਾਵਾ ਕਿਸਾਨਾਂ ਨੇ ਆਪਣੇ ਖੇਤਾਂ 'ਚ ਪਸ਼ੂਆਂ ਲਈ ਜੋ ਹਰਾ-ਚਾਰਾ ਬਿਜਿਆ ਹੋਇਆ ਤੇ ਸਬਜ਼ੀਆਂ ਉੱਗਾਈਆਂ ਹੋਈਆਂ ਹਨ, ਬਿਜਲੀ ਨਾ ਆਉਣ ਕਾਰਨ ਉਹ ਸੁੱਕ ਰਹੇ ਹਨ | ਇਸ ਤੋਂ ਬਾਅਦ ਐਕਸੀਅਨ ਲਾਲੜੂ ਨਾਲ ਮੀਟਿੰਗ ਕਰਕੇ ਜਿਥੇ ਘਰੇਲੂ ਸਪਲਾਈ 'ਚ ਕੱਟ ਨਾ ਲਗਾਉਣ ਦੀ ਮੰਗ ਕੀਤੀ ਗਈ, ਉਥੇ ਹੀ ਟਿਊਬਵੈੱਲਾਂ ਵਾਲੀ ਬਿਜਲੀ ਸਵੇਰੇ 6 ਵਜੇ ਤੋਂ ਛੱਡਣ ਦੀ ਮੰਗ ਕੀਤੀ ਗਈ | ਇਸ ਦੇ ਨਾਲ ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਅਜਿਹਾ ਨਾ ਹੋਇਆ ਤਾਂ ਆਉਣ ਵਾਲੇ ਸਮੇਂ 'ਚ ਇਲਾਕਾ ਵਾਸੀਆਂ ਨੂੰ ਨਾਲ ਲੈ ਕੇ ਵਿਭਾਗ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ | ਇਸ ਮੌਕੇ ਗੁਰਚਰਨ ਸਿੰਘ ਜੌਲਾ, ਮਨਜੀਤ ਸਿੰਘ, ਹਰੀ ਸਿੰਘ ਦੱਪਰ, ਜਸਵੰਤ ਸਿੰਘ ਆਲਮਗੀਰ, ਕੁਲਵਿੰਦਰ ਸਿੰਘ ਆਗਾਂਪੁਰ, ਹਰਪਾਲ ਸਿੰਘ ਬੈਰਮਾਜਰਾ, ਜਨਕ ਮਗਰਾ ਤੇ ਬਲਦੇਵ ਸਿੰਘ ਮੀਆਂਪੁਰ ਆਦਿ ਆਗੂ ਵੀ ਹਾਜ਼ਰ ਸਨ |