ਐੱਸ. ਏ. ਐੱਸ. ਨਗਰ, 17 ਅਪ੍ਰੈਲ (ਪ੍ਰੋ. ਅਵਤਾਰ ਸਿੰਘ)-ਵਿਧਾਇਕ ਕੁਲਵੰਤ ਸਿੰਘ ਵਲੋਂ ਵੱਖ-ਵੱਖ ਪਿੰਡਾਂ ਦੇ ਸਰਪੰਚਾਂ ਨੂੰ ਵਿਕਾਸ ਕਾਰਜਾਂ ਲਈ ਗ੍ਰਾਂਟਾਂ ਦੇ ਚੈੱਕ ਤਕਸੀਮ ਕੀਤੇ ਗਏ | ਇਸ ਮੌਕੇ ਪਿੰਡ ਤੜੌਲੀ, ਭਾਗੋਮਾਜਰਾ, ਰਾਏਪੁਰ, ਬਹਿਲੋਲਪੁਰ, ਬੜਮਾਜਰਾ ਕਾਲੋਨੀ, ਮੌਜਪੁਰ ਅਤੇ ਮਨਾਣਾ ਸਮੇਤ ਹੋਰਨਾਂ ਪਿੰਡਾਂ 'ਚ ਲਾਭਪਾਤਰੀਆਂ ਦੇ ਮਕਾਨਾਂ ਦੀ ਉਸਾਰੀ ਲਈ ਗ੍ਰਾਂਟਾਂ ਤਕਸੀਮ ਕੀਤੀਆਂ ਗਈਆਂ | ਇਸ ਤੋਂ ਇਲਾਵਾ ਪਿੰਡ ਮਨਾਣਾ 'ਚ ਸਕੂਲ ਦੇ ਕਮਰੇ ਦੀ ਉਸਾਰੀ ਲਈ 8 ਲੱਖ ਰੁ., ਪਿੰਡ ਕੈਲੋਂ 'ਚ ਧਰਮਸ਼ਾਲਾ ਲਈ 5 ਲੱਖ ਰੁ. ਅਤੇ ਪਿੰਡ ਝਾਂਮਪੁਰ 'ਚ ਬਰਸਾਤੀ ਪਾਣੀ ਦੀ ਨਿਕਾਸੀ ਲਈ 6 ਲੱਖ ਰੁ. ਦੇ ਚੈੱਕ ਵੀ ਸੌਂਪੇ ਗਏ | ਉਨ੍ਹਾਂ ਦੱਸਿਆ ਕਿ ਕੁੱਲ 18 ਲੱਖ ਰੁ. ਦੀ ਰਾਸ਼ੀ 9 ਪਰਿਵਾਰਾਂ ਨੂੰ ਮਕਾਨਾਂ ਦੀ ਉਸਾਰੀ ਲਈ ਵੰਡੀ ਗਈ ਹੈ | ਉਨ੍ਹਾਂ ਕਿਹਾ ਕਿ ਮੁਹਾਲੀ ਹਲਕੇ ਦੇ ਪਿੰਡਾਂ ਦੇ ਵਿਕਾਸ ਲਈ ਫ਼ੰਡ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ ਤੇ ਹਲਕੇ 'ਚ ਵੱਡੇ ਪੱਧਰ 'ਤੇ ਖੇਡ ਸਟੇਡੀਅਮਾਂ ਦੀ ਉਸਾਰੀ ਕੀਤੀ ਜਾ ਰਹੀ ਹੈ ਤਾਂ ਜੋ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਦੂਰ ਕਰਕੇ ਖੇਡਾਂ ਵੱਲ ਪ੍ਰੇਰਿਤ ਕੀਤਾ ਜਾ ਸਕੇ | ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਲੋਕ ਭਲਾਈ ਲਈ ਵੱਡੇ ਫ਼ੈਸਲੇ ਕੀਤੇ ਜਾ ਰਹੇ ਹਨ ਅਤੇ ਚੋਣਾਂ ਦੌਰਾਨ ਕੀਤੇ ਵਾਅਦੇ ਪੂਰੇ ਕੀਤੇ ਜਾ ਰਹੇ ਹਨ |