ਐੱਸ. ਏ. ਐੱਸ. ਨਗਰ, 17 ਅਪ੍ਰੈਲ (ਕਪਿਲ ਵਧਵਾ)-ਮੁਹਾਲੀ ਦੀ ਸਥਾਈ ਲੋਕ ਅਦਾਲਤ ਨੇ ਗਮਾਡਾ ਅਸਟੇਟ ਅਫ਼ਸਰ ਦੀ ਗੱਡੀ ਅਤੇ ਉਸ ਦੇ ਦਫ਼ਤਰ ਨੂੰ ਇਸ ਮਾਮਲੇ ਨਾਲ ਅਟੈਚ ਕਰੇਕ ਕੁਰਕੀ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ | ਇਹ ਹੁਕਮ ਮੁਹਾਲੀ ਦੀ ਸਥਾਈ ਲੋਕ ਅਦਾਲਤ ਦੀ ਚੇਅਰਪਰਸਨ ਗੁਰਮੀਤ ਕੌਰ ਵਲੋਂ ਜਾਰੀ ਕੀਤਾ ਗਿਆ ਹੈ | ਗਮਾਡਾ ਵਲੋਂ ਐਰੋਸਿਟੀ 'ਚ ਪਲਾਟ ਅਲਾਟ ਕੀਤੇ ਗਏ ਸਨ, ਪਰ ਉਨ੍ਹਾਂ ਪਲਾਟਾਂ 'ਤੇ ਉਸਾਰੀ ਕਰਨ ਲਈ ਬਿਜਲੀ, ਸੀਵਰੇਜ ਤੇ ਪਾਣੀ ਵਰਗੀਆਂ ਬੁਨਿਆਦੀ ਸਹੂਲਤਾਂ ਪ੍ਰਦਾਨ ਨਹੀਂ ਕੀਤੀਆਂ ਗਈਆਂ ਸਨ, ਜਿਸ ਦੇ ਚਲਦਿਆਂ ਫੇਜ਼-10 ਮੁਹਾਲੀ ਦੇ ਵਸਨੀਕ ਜੰਗ ਬਹਾਦਰ ਸਿੰਘ ਤੇ ਰਵੀ ਸ਼ਰਮਾ ਨੇ ਸਥਾਈ ਲੋਕ ਅਦਾਲਤ ਵਿਚ ਗਮਾਡਾ ਦੇ ਅਸਟੇਟ ਅਫ਼ਸਰ ਵਿਰੁੱਧ ਸ਼ਿਕਾਇਤ ਦਰਜ ਕਰਵਾਈ ਸੀ | ਅਦਾਲਤ ਨੇ ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਗਮਾਡਾ ਨੂੰ ਗ਼ਲਤ ਠਹਿਰਾਉਂਦਿਆਂ 1.25 ਲੱਖ ਰੁ. ਦਾ ਜੁਰਮਾਨਾ ਲਗਾਇਆ ਸੀ | ਇਸ ਸੰਬੰਧੀ ਦੋਵਾਂ ਸ਼ਿਕਾਇਤਕਰਤਾਵਾਂ ਦੇ ਵਕੀਲ ਜਤਿਨ ਸੈਣੀ ਨੇ ਦੱਸਿਆ ਕਿ ਅਦਾਲਤ ਦੇ ਹੁਕਮਾਂ ਦੇ ਬਾਵਜੂਦ ਅਸਟੇਟ ਅਫ਼ਸਰ ਗਮਾਡਾ ਨੇ ਦੋਵਾਂ ਸ਼ਿਕਾਇਤਕਰਤਾਵਾਂ ਨੂੰ 1.25 ਲੱਖ ਰੁ. ਨਹੀਂ ਦਿੱਤੇ, ਜਿਸ ਕਾਰਨ ਉਨ੍ਹਾਂ ਨੇ ਅਸਟੇਟ ਅਫ਼ਸਰ ਗਮਾਡਾ ਵਿਰੁੱਧ ਅਦਾਲਤ ਵਿਚ ਐਗਜ਼ੀਕਿਊਸ਼ਨ ਕੇਸ ਦਾਇਰ ਕੀਤਾ ਸੀ | ਅਜਿਹੇ ਵਿਚ ਅਦਾਲਤ ਨੇ ਮੁਹਾਲੀ ਦੇ ਅਸਟੇਟ ਅਫ਼ਸਰ ਗਮਾਡਾ ਦੀ ਕਾਰ ਅਤੇ ਪੂਰੇ ਦਫ਼ਤਰ ਨੂੰ ਅਟੈਚ ਕਰਦਿਆਂ ਕੁਰਕ ਕਰਨ ਦੇ ਹੁਕਮ ਦਿੱਤੇ ਹਨ | ਉਨ੍ਹਾਂ ਕਿਹਾ ਕਿ ਅਦਾਲਤ ਵਲੋਂ ਕੁਰਕੀ ਲਈ ਇਕ ਬੇਲੀਫ ਵੀ ਨਿਯੁਕਤ ਕੀਤਾ ਗਿਆ ਹੈ ਅਤੇ ਸੋਮਵਾਰ ਨੂੰ ਕਾਰ ਅਤੇ ਅਸਟੇਟ ਅਫ਼ਸਰ ਗਮਾਡਾ ਦੇ ਪੂਰੇ ਦਫ਼ਤਰ ਨੂੰ ਅਟੈਚ ਕਰਕੇ ਕੁਰਕ ਕੀਤਾ ਜਾਵੇਗਾ |