ਐੱਸ. ਏ. ਐੱਸ. ਨਗਰ, 18 ਅਪ੍ਰੈਲ (ਤਰਵਿੰਦਰ ਸਿੰਘ ਬੈਨੀਪਾਲ)-ਲੋਕ ਸਭਾ 'ਚ ਜੋ ਕੁਝ ਵਾਪਰਿਆ, ਉਹ ਲੋਕਤੰਤਰ ਤੇ ਨਾਰੀ ਸਸ਼ਕਤੀਕਰਨ ਦੋਵਾਂ ਲਈ ਗੰਭੀਰ ਚਿੰਤਾ ਦਾ ਵਿਸ਼ਾ ਹੈ | ਇਹ ਪ੍ਰਗਟਾਵਾ ਕਰਦਿਆਂ ਭਾਜਪਾ ਦੀ ਕੇਂਦਰੀ ਕਮੇਟੀ ਦੀ ਮੈਂਬਰ ਬੀਬੀ ਅਮਨਜੋਤ ਕੌਰ ਰਾਮੂਵਾਲੀਆ ਨੇ ਕਿਹਾ ਕਿ ਨਾਰੀ ਸ਼ਕਤੀ ਵੰਦਨ ਬਿੱਲ, ਜਿਸ ਦਾ ਮੰਤਵ ਮਹਿਲਾਵਾਂ ਨੂੰ 33 ਫ਼ੀਸਦੀ ਰਿਜ਼ਰਵੇਸ਼ਨ ਦੇ ਕੇ ਉਨ੍ਹਾਂ ਨੂੰ ਫ਼ੈਸਲਾ ਲੈਣ ਵਾਲੀ ਪ੍ਰਕਿਰਿਆ 'ਚ ਬਰਾਬਰ ਹਿੱਸੇਦਾਰੀ ਦੇਣਾ ਸੀ, ਨੂੰ ਕਾਂਗਰਸ, ਤਿ੍ਣਮੂਲ ਕਾਂਗਰਸ, ਸਮਾਜਵਾਦੀ ਪਾਰਟੀ, ਡੀ. ਐਮ. ਕੇ. ਤੇ ਲਾਲੂ ਪ੍ਰਸ਼ਾਦ ਦੀ ਪਾਰਟੀ ਵਲੋਂ ਰੋਕੇ ਜਾਣਾ ਹੈਰਾਨੀਜਨਕ ਹੈ | ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਅਹਿਮ ਮਾਮਲੇ 'ਤੇ ਰਾਜਨੀਤੀ ਕਰਨਾ ਤੇ ਉਸ ਦੀ ਨਾਕਾਮੀ 'ਤੇ ਖੁਸ਼ੀ ਮਨਾਉਣਾ ਬਹੁਤ ਹੀ ਨਿੰਦਣਯੋਗ ਹੈ | ਉਨ੍ਹਾਂ ਕਿਹਾ ਕਿ ਮਹਿਲਾਵਾਂ ਨਾਲ ਕੀਤੇ ਇਸ ਖਲਵਾੜ ਨੂੰ ਅੱਜ ਦੀਆਂ ਮਹਿਲਾਵਾਂ ਹਰਗਿਜ਼ ਬਰਦਾਸ਼ਤ ਨਹੀਂ ਕਰਨਗੀਆਂ ਅਤੇ ਨਾਰੀ ਸਨਮਾਨ ਨੂੰ ਰੋਕਣ ਵਾਲੀਆਂ ਤਾਕਤਾਂ ਨੂੰ ਜਨਤਾ ਵਲੋਂ ਕਰਾਰਾ ਜਵਾਬ ਦਿੱਤਾ ਜਾਵੇਗਾ |