ਐੱਸ. ਏ. ਐੱਸ. ਨਗਰ, 19 ਅਪ੍ਰੈਲ (ਤਰਵਿੰਦਰ ਸਿੰਘ ਬੈਨੀਪਾਲ)- ਸਥਾਨਕ ਪਿੰਡ ਸਾਹੀ ਮਾਜਰਾ, ਫ਼ੇਜ਼ 2, ਫ਼ੇਜ਼-5 ਅਤੇ ਆਸ-ਪਾਸ ਦੇ ਰਿਹਾਇਸ਼ੀ ਤੇ ਉਦਯੋਗਿਕ ਖੇਤਰਾਂ 'ਚ ਗੰਭੀਰ ਚਿੰਤਾ ਦਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਗ੍ਰੀਨ ਬੈਲਟ ਨੂੰ ਗਾਰਬੇਜ ਪ੍ਰੋਸੈਸਿੰਗ ਪਲਾਂਟ ਵਿਚ ਤਬਦੀਲ ਕੀਤਾ ਜਾ ਰਿਹਾ ਹੈ | ਅੱਜ ਇਸ ਮਸਲੇ ਦੇ ਖ਼ਿਲਾਫ਼ ਲੱਗੇ ਧਰਨੇ ਵਿਚ ਭਾਗ ਲੈਂਦੇ ਹੋਏ ਭਾਜਪਾ ਪੰਜਾਬ ਦੇ ਸੂਬਾਈ ਪ੍ਰੈੱਸ ਸਕੱਤਰ ਹਰਦੇਵ ਸਿੰਘ ਉੱਭਾ ਨੇ ਕਿਹਾ ਕਿ ਇਹ ਪਲਾਂਟ ਬਿਜਲੀ ਗਿ੍ਡ ਦੇ ਬਿਲਕੁਲ ਨਾਲ ਲੱਗਦਾ ਹੈ, ਜਿਸ ਕਾਰਨ ਕਿਸੇ ਵੀ ਵੇਲੇ ਕੋਈ ਵੱਡਾ ਹਾਦਸਾ ਵਾਪਰਨ ਦਾ ਖ਼ਤਰਾ ਬਣਿਆ ਹੋਇਆ ਹੈ | ਉਨ੍ਹਾਂ ਕਿਹਾ ਕਿ ਜ਼ਿਲ੍ਹਾ ਮੈਜਿਸਟ੍ਰੇਟ, ਨਗਰ ਨਿਗਮ ਤੇ ਪੰਜਾਬ ਸਰਕਾਰ ਮੂਕ ਦਰਸ਼ਕ ਬਣੀ ਹੋਈ ਹੈ | ਇਹ ਹਾਲਤ ਇਲਾਕੇ ਦੇ ਲੋਕਾਂ ਦੀ ਜ਼ਿੰਦਗੀ ਨਾਲ ਖੇਡਣ ਦੇ ਬਰਾਬਰ ਹੈ | ਇਸ ਮੌਕੇ ਉੱਭਾ ਨੇ ਭਗਵੰਤ ਮਾਨ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਤੁਰੰਤ ਇਸ ਮਾਮਲੇ ਵਿਚ ਦਖ਼ਲ ਦਿੱਤਾ ਜਾਵੇ ਅਤੇ ਗ੍ਰੀਨ ਬੈਲਟ ਵਿਚ ਬਣ ਰਹੇ ਗਾਰਬੇਜ ਪ੍ਰੋਸੈਸਿੰਗ ਪਲਾਂਟ ਨੂੰ ਰੋਕਿਆ ਜਾਵੇ |