ਲਾਲੜੂ, 24 ਅਪ੍ਰੈਲ (ਰਾਜਬੀਰ ਸਿੰਘ)-ਸਥਾਨਕ ਵਾ. ਨੰ. 5 ਤੋਂ ਨਗਰ ਕੌਂਸਲ ਚੋਣਾਂ ਲਈ ਕਾਂਗਰਸ ਪਾਰਟੀ ਦੇ ਸੰਭਾਵੀ ਉਮੀਦਵਾਰ ਤੇ ਵਾਰਡ ਦੇ ਇੰਚਾਰਜ ਮਾਸਟਰ ਮੋਹਨ ਸਿੰਘ ਨੇ ਨਵੀਂ ਵਾਰਡਬੰਦੀ ਸੰਬੰਧੀ ਆਈ ਡਰਾਫਟ ਸੂਚੀ 'ਚ ਪੱਖਪਾਤ ਦਾ ਗੰਭੀਰ ਦੋਸ਼ ਲਗਾਇਆ ਹੈ | ਉਨ੍ਹਾਂ ਕਿਹਾ ਕਿ ਮੌਜੂਦ ਸਰਕਾਰ ਨੇ ਉਨ੍ਹਾਂ ਦੇ ਪਹਿਲੇ ਵਾਰਡ ਦੀਆਂ ਵੋਟਾਂ 'ਚ ਵੱਡੀ ਫੇਰ-ਬਦਲ ਕਰਕੇ ਲੋਕਤੰਤਰ ਦਾ ਘਾਣ ਕੀਤਾ ਹੈ | ਉਨ੍ਹਾਂ ਕਿਹਾ ਕਿ ਇਸ ਸਮੇਂ ਉਨ੍ਹਾਂ ਦੇ ਵਾਰਡ 'ਚ 2,058 ਵੋਟਾਂ ਹਨ, ਜਿਸ 'ਚੋਂ ਕਰੀਬ 1,700 ਵੋਟਾਂ ਦੂਜੇ ਵਾਰਡਾਂ ਦੀਆਂ ਹਨ, ਜਦਕਿ ਉਨ੍ਹਾਂ ਦੇ ਆਪਣੇ ਵਾਰਡ ਦੀਆਂ ਵੋਟਾਂ ਹੋਰਨਾਂ ਵਾਰਡਾਂ 'ਚ ਪਾ ਦਿੱਤੀਆਂ ਗਈਆਂ ਹਨ | ਮਾਸਟਰ ਮੋਹਨ ਸਿੰਘ ਨੇ ਕਿਹਾ ਕਿ ਇਸ ਤਰ੍ਹਾਂ ਕਰਨ ਨਾਲ ਨਾ ਸਿਰਫ ਸਰਕਾਰ ਨੇ ਉਨ੍ਹਾਂ ਨਾਲ ਪੱਖਪਾਤ ਕੀਤਾ ਹੈ, ਸਗੋਂ ਉਨ੍ਹਾਂ ਦੇ ਵਾਰਡ ਦੇ ਵੋਟਰਾਂ ਤੇ ਉਨ੍ਹਾਂ ਦੇ ਵਾਰਡ 'ਚ ਹੋਰਨਾਂ ਵਾਰਡਾਂ ਦੇ ਪਾਏ ਵੋਟਰਾਂ ਨਾਲ ਵੀ ਧੋਖਾ ਕੀਤਾ ਹੈ | ਉਨ੍ਹਾਂ ਕਿਹਾ ਕਿ ਹੁਣ ਇਹ ਵੋਟਰ ਆਪਣੇ ਕੰਮਾਂ-ਕਾਰਾਂ ਲਈ ਦੂਰ-ਦੁਰਾਡੇ ਧੱਕੇ ਖਾਂਦੇ ਫਿਰਨਗੇ ਜੋ ਕਿ ਬਹੁਤ ਹੀ ਮਾੜੀ ਗੱਲ ਹੈ | ਉਨ੍ਹਾਂ ਕਿਹਾ ਕਿ ਆਮ ਆਦਮੀ ਦੀਆਂ ਵੋਟਾਂ ਲੈ ਕੇ ਸਰਕਾਰ ਬਣਾਉਣ ਵਾਲੀ ਪਾਰਟੀ ਹੀ ਆਮ ਆਦਮੀ ਨੂੰ ਖੱਜਲ-ਖੁਆਰ ਕਰਨ 'ਤੇ ਤੁਲੀ ਹੋਈ ਹੈ | ਉਨ੍ਹਾਂ ਇਸ ਮਾਮਲੇ 'ਚ ਪ੍ਰਸ਼ਾਸਨ ਨੂੰ ਤੁਰੰਤ ਦਖ਼ਲ ਦਿੰਦਿਆਂ ਵੋਟਰ ਸੂਚੀਆਂ 'ਚ ਦਰੁਸਤੀ ਕਰਨ ਦੀ ਮੰਗ ਕੀਤੀ ਹੈ |