ਚੰਡੀਗੜ੍ਹ, 25 ਅਪ੍ਰੈਲ (ਕਪਿਲ ਵਧਵਾ)- ਚੰਡੀਗੜ੍ਹ 'ਚ ਵਟਸਐਪ ਇੰਪਰਸੋਨੇਸ਼ਨ ਰਾਹੀਂ ਇਕ ਫਾਰਮਾਸਿਊਟੀਕਲ ਕੰਪਨੀ ਨਾਲ 1 ਕਰੋੜ 96 ਲੱਖ ਰੁਪਏ ਦੀ ਸਾਈਬਰ ਠੱਗੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ | ਇਸ ਸੰਬੰਧੀ ਕੰਪਨੀ ਦੇ ਸੀ.ਐਫ.ਓ. ਦੀ ਸ਼ਿਕਾਇਤ 'ਤੇ ਸਾਈਬਰ ਕ੍ਰਾਈਮ ਥਾਣਾ ਸੈਕਟਰ-17 ਪੁਲਿਸ ਨੇ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਬੀ.ਐਨ.ਐਸ. ਦੀਆਂ ਧਾਰਾਵਾਂ 319(2), 318(4), 336(3), 338, 340(2) ਅਤੇ 61(2) ਹੇਠ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ | ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਸਿਸਕੈਮ ਇੰਡੀਆ ਲਿਮਟਿਡ ਦੇ ਚੀਫ਼ ਫਾਇਨੈਂਸ਼ੀਅਲ ਆਫ਼ੀਸਰ ਸੰਜੀਵ ਅਗਰਵਾਲ ਵਾਸੀ ਮਨੀਮਾਜਰਾ ਨੇ ਦੱਸਿਆ ਕਿ 15 ਅਪ੍ਰੈਲ ਨੂੰ ਕੰਪਨੀ ਦੇ ਅਕਾਊਾਟਸ ਅਧਿਕਾਰੀ ਨੂੰ ਇਕ ਵਾਟਸਐਪ ਨੰਬਰ ਤੋਂ ਸੁਨੇਹਾ ਆਇਆ | ਸੁਨੇਹਾ ਭੇਜਣ ਵਾਲੇ ਨੇ ਆਪਣੇ ਆਪ ਨੂੰ ਕੰਪਨੀ ਦਾ ਮੈਨੇਜਿੰਗ ਡਾਇਰੈਕਟਰ ਦੱਸਦਿਆਂ ਤੁਰੰਤ ਇਕ ਬੈਂਕ ਖਾਤੇ ਵਿਚ ਰਕਮ ਟਰਾਂਸਫ਼ਰ ਕਰਨ ਲਈ ਕਿਹਾ | ਸ਼ਿਕਾਇਤ ਅਨੁਸਾਰ ਅਕਾਊਾਟਸ ਅਧਿਕਾਰੀ ਨੇ ਉਕਤ ਸੁਨੇਹੇ ਨੂੰ ਸਹੀ ਮੰਨਦਿਆਂ ਲਗਭਗ ਸਵੇਰੇ 10:45 ਵਜੇ ਪੰਜਾਬ ਨੈਸ਼ਨਲ ਬੈਂਕ ਤੋਂ ਇੰਡਸਇੰਡ ਬੈਂਕ ਦੇ ਇਕ ਖਾਤੇ 'ਚ ਐਨ.ਈ.ਐਫ.ਟੀ. ਰਾਹੀਂ 1.96 ਕਰੋੜ ਰੁਪਏ ਟਰਾਂਸਫ਼ਰ ਕਰ ਦਿੱਤੇ | ਇਸ ਤੋਂ ਬਾਅਦ ਜਦੋਂ ਮੁੜ ਹੋਰ ਰਕਮ ਦੀ ਮੰਗ ਕੀਤੀ ਗਈ ਤਾਂ ਕੰਪਨੀ ਅਧਿਕਾਰੀਆਂ ਨੂੰ ਸ਼ੱਕ ਹੋਇਆ | ਜਾਂਚ ਕਰਨ 'ਤੇ ਪਤਾ ਲੱਗਾ ਕਿ ਵਾਟਸਐਪ ਪੋ੍ਰਫਾਈਲ ਫ਼ਰਜ਼ੀ ਸੀ ਅਤੇ ਇਸਦਾ ਕੰਪਨੀ ਦੇ ਅਸਲ ਐਮ.ਡੀ. ਨਾਲ ਕੋਈ ਸੰਬੰਧ ਨਹੀਂ ਸੀ | ਧੋਖਾਧੜੀ ਦਾ ਪਤਾ ਲੱਗਦੇ ਹੀ ਕੰਪਨੀ ਵਲੋਂ ਤੁਰੰਤ ਬੈਂਕ ਅਤੇ ਪੁਲਿਸ ਨਾਲ ਸੰਪਰਕ ਕੀਤਾ ਗਿਆ | ਪੁਲਿਸ ਅਨੁਸਾਰ ਡੀ.ਐਸ.ਪੀ. ਵੈਂਕਟੇਸ਼ ਦੀ ਅਗਵਾਈ ਹੇਠ ਸਾਈਬਰ ਕ੍ਰਾਈਮ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ 54 ਲੱਖ ਰੁਪਏ ਹੋਲਡ ਕਰਵਾਉਣ ਵਿਚ ਸਫਲਤਾ ਹਾਸਲ ਕੀਤੀ ਹੈ | ਹਾਲਾਂਕਿ ਬਾਕੀ ਰਕਮ ਵੱਖ-ਵੱਖ ਖਾਤਿਆਂ ਵਿਚ ਟਰਾਂਸਫ਼ਰ ਹੋਣ ਦੀ ਗੱਲ ਸਾਹਮਣੇ ਆਈ ਹੈ | ਪੁਲਿਸ ਨੇ ਮਾਮਲੇ ਦੀ ਤਫਤੀਸ਼ ਸਬ-ਇੰਸਪੈਕਟਰ ਪੱਧਰ ਦੇ ਅਧਿਕਾਰੀ ਨੂੰ ਸੌਂਪ ਦਿੱਤੀ ਹੈ ਅਤੇ ਸਾਈਬਰ ਠੱਗੀ ਕਰਨ ਵਾਲੇ ਮੁਲਜ਼ਮਾਂ ਦੀ ਭਾਲ ਜਾਰੀ ਹੈ |