ਚੰਡੀਗੜ੍ਹ, 25 ਅਪ੍ਰੈਲ (ਅਜਾਇਬ ਸਿੰਘ ਔਜਲਾ)- ਕੌਮੀ ਇਨਸਾਫ਼ ਮੋਰਚਾ ਦੇ ਆਗੂਆਂ ਵਲੋਂ ਅੱਜ ਚੰਡੀਗੜ੍ਹ ਦੇ ਕਿਸਾਨ ਭਵਨ ਵਿਖੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਇਸ ਗੱਲ ਦਾ ਖ਼ੁਲਾਸਾ ਕੀਤਾ ਗਿਆ ਕਿ ਕਿ 7 ਮਈ ਨੂੰ ਗੁਰਦੁਆਰਾ ਬੰਗਲਾ ਸਾਹਿਬ ਦਿੱਲੀ ਤੋਂ ਪਾਰਲੀਮੈਂਟ ਹਾਊਸ ਤੱਕ ਕਾਲੇ ਚੋਲ਼ੇ ਪਾ ਕੇ ਤੇ ਜ਼ੰਜੀਰਾਂ ਪਹਿਨ ਕੇ ਰੋਸ ਮਾਰਚ ਕੀਤਾ ਜਾਵੇਗਾ | ਇਸ ਸਬੰਧੀ ਖ਼ੁਲਾਸਾ ਕੌਮੀ ਇਨਸਾਫ਼ ਮੋਰਚਾ ਦੇ ਸਰਪ੍ਰਸਤ ਬਾਪੂ ਗੁਰਚਰਨ ਸਿੰਘ, ਗੁਰਦੀਪ ਸਿੰਘ ਬਠਿੰਡਾ ਅਤੇ ਹੋਰ ਆਗੂਆਂ ਵਲੋਂ ਕੀਤਾ ਗਿਆ | ਉਨ੍ਹਾਂ ਕਿਹਾ ਕਿ ਇਹ ਫ਼ੈਸਲਾ ਜਿਸ ਵਿਚ ਬੰਦੀ ਸਿੰਘਾਂ ਦੀ ਰਿਹਾਈ ਅਤੇ ਹੋਰ ਪੰਥਕ ਮਸਲੇ ਸਬੰਧੀ ਲਿਆ ਗਿਆ ਹੈ | ਇਸ ਮੌਕੇ 'ਤੇ ਕੌਮੀ ਇਨਸਾਫ਼ ਮੋਰਚੇ ਦੇ ਸਰਪ੍ਰਸਤ ਬਾਪੂ ਗੁਰਚਰਨ ਸਿੰਘ ਸਬੰਧੀ ਪਿਛਲੇ ਦਿਨੀਂ ਏ.ਆਈ ਦੇ ਨਾਲ ਜੋ ਫੇਕ ਵੀਡੀਓ ਗੀਤਾਂ ਦੇ ਰੂਪ ਵਿਚ ਜਾਰੀ ਕੀਤੀ, ਉਸ ਦੀ ਵੀ ਕੌਮੀ ਇਨਸਾਫ਼ ਮੋਰਚੇ ਵਲੋਂ ਨਿੰਦਿਆ ਕਰਨ ਦੇ ਨਾਲ ਨਾਲ ਇਸ ਸਬੰਧੀ ਇਕ ਸ਼ਿਕਾਇਤ ਦਰਜ ਕੀਤੇ ਜਾਣ ਦੀ ਵੀ ਗੱਲ ਕੀਤੀ ਹੈ ਅਤੇ ਉਨ੍ਹਾਂ ਸਾਈਬਰ ਕ੍ਰਾਈਮ ਨੂੰ ਪੱਤਰ ਲਿਖਦਿਆਂ ਇਹ ਫੇਕ ਵੀਡੀਓ ਦੀ ਤੁਰੰਤ ਜਾਂਚ ਕਰਕੇ ਦੋਸ਼ੀਆਂ ਨੂੰ ਸਾਹਮਣੇ ਲਿਆਉਣ ਦੀ ਮੰਗ ਵੀ ਅੱਜ ਪੱਤਰਕਾਰ ਸੰਮੇਲਨ ਦੌਰਾਨ ਉਠਾਈ ਹੈ | ਬਾਪੂ ਗੁਰਚਰਨ ਸਿੰਘ ਇਹ ਵੀ ਕਿਹਾ ਕੁੱਝ ਲੋਕ ਸੋਸ਼ਲ ਮੀਡੀਆਂ 'ਤੇ ਵੀਡੀਓ ਬਣਾ ਕੇ ਝੂਠ ਦਾ ਸਹਾਰਾ ਲੈ ਕੇ ਮੋਰਚਾ ਨੂੰ ਬਦਨਾਮ ਕਰਨ ਵਿਚ ਲੱਗੇ ਹੋਏ ਹਨ, ਜਿਸ ਦਾ ਕੌਮੀ ਇਨਸਾਫ਼ ਮੋਰਚਾ ਆਪਣੇ ਹੱਕਾਂ ਲਈ ਜੂਝਦਾ ਰਹੇਗਾ | ਇਸ ਮੌਕੇ 'ਤੇ ਕੌਮੀ ਇਨਸਾਫ਼ ਮੋਰਚੇ ਦੇ ਆਗੂ ਬਾਪੂ ਗੁਰਚਰਨ ਸਿੰਘ ਦੇ ਨਾਲ-ਨਾਲ ਗੁਰਦੀਪ ਸਿੰਘ ਬਠਿੰਡਾ ਅਤੇ ਕਿਸਾਨ ਆਗੂ ਗੁਰਿੰਦਰ ਭੰਗੂ ਵਲੋਂ ਵੀ ਆਪਣੇ ਵਿਚਾਰ ਸਾਂਝੇ ਕੀਤੇ ਗਏ | ਇਸ ਮੌਕੇ ਇਨ੍ਹਾਂ ਆਗੂਆਂ ਵਲੋਂ ਜਗਤਾਰ ਸਿੰਘ ਹਵਾਰਾ ਦੁਆਰਾ ਭੇਜੀ ਇਕ ਚਿੱਠੀ ਨੂੰ ਸੁਨੇਹੇ ਦੇ ਰੂਪ ਵਿਚ ਪੜ੍ਹ ਕੇ ਪੇਸ਼ ਕੀਤਾ ਗਿਆ, ਜਿਸ ਵਿਚ ਜਗਤਾਰ ਸਿੰਘ ਹਵਾਰਾ ਵਲੋਂ ਵੀ ਬਾਪੂ ਗੁਰਚਰਨ ਸਿੰਘ 'ਤੇ ਕੀਤੀਆਂ ਟਿੱਪਣੀਆਂ ਦਾ ਗੰਭੀਰ ਨੋਟਸ ਲਿਆ ਹੈ ਅਤੇ ਉਨ੍ਹਾਂ ਨੇ ਮੰਗ ਵੀ ਕੀਤੀ ਹੈ ਕਿ ਇਸ ਸਾਜ਼ਿਸ਼ ਪਿੱਛੇ ਕੌਣ ਕੰਮ ਕਰ ਰਿਹਾ, ਉਸ ਵੀਡੀਓ ਦੇ ਸੱਚ ਨੂੰ ਲੋਕਾਂ ਸਾਹਮਣੇ ਲਿਆਉਣਾ ਚਾਹੀਦਾ ਹੈ | ਕੌਮੀ ਇਨਸਾਫ਼ ਮੋਰਚੇ ਦੇ ਆਗੂਆਂ ਨੇ ਕਿਹਾ ਕਿ ਇਹ ਮੋਰਚਾ ਪਿਛਲੇ ਚਾਰ ਸਾਲਾਂ ਤੋਂ ਚੱਲਦਾ ਆ ਰਿਹਾ ਹੈ | ਉਨ੍ਹਾਂ ਕਿਹਾ ਕਿ ਮੋਰਚੇ ਦੌਰਾਨ ਉਤਰਾ ਚੜ੍ਹਾਅ ਆਉਂਦੇ ਜਾਂਦੇ ਰਹਿੰਦੇ ਹਨ ,ਪਰ ਇਸ ਤਰਾਂ ਦੀਆਂ ਕਿਸੇ ਵੱਡੇ ਆਗੂ 'ਤੇ ਟਿੱਪਣੀਆਂ ਕਰਨਾ ਕਿਸੇ ਤਰ੍ਹਾਂ ਵੀ ਠੀਕ ਨਹੀਂ ਹੈ |