ਚੰਡੀਗੜ੍ਹ, 26 ਅਪ੍ਰੈਲ (ਅਜਾਇਬ ਸਿੰਘ ਔਜਲਾ)- ਪੰਜਾਬ ਵਾਟਰ ਸਪਲਾਈ ਐਂਡ ਸੀਵਰੇਜ ਬੋਰਡ ਦੇ ਮੁਲਾਜ਼ਮਾਂ ਦੀਆਂ ਲੰਮੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਮੰਗਾਂ ਦਾ ਨਿਪਟਾਰਾ ਨਾ ਹੋਣ ਕਰਕੇ ਸੀਵਰੇਜ ਬੋਰਡ ਅਤੇ ਸਥਾਨਕ ਸਰਕਾਰਾਂ ਵਿਭਾਗ ਦੇ ਖਿਲਾਫ 7 ਮਈ ਨੂੰ ਮੁੱਖ ਦਫ਼ਤਰ ਮਿਉਂਸਪਲ ਭਵਨ ਚੰਡੀਗੜ੍ਹ ਸੈਕਟਰ 35 ਵਿਖੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ | ਪੀ ਡਬਲਿਯੂ ਡੀ ਫੀਲਡ ਐਂਡ ਵਰਕਸ਼ਾਪ ਵਰਕਰਜ਼ ਯੂਨੀਅਨ ਪੰਜਾਬ ਦੇ ਆਗੂਆਂ ਸੂਬਾ ਪ੍ਰਧਾਨ ਮੱਖਣ ਸਿੰਘ ਵਾਹਿਪੁਰੀ, ਜਨਰਲ ਸਕੱਤਰ ਫੁੰਮਣ ਸਿੰਘ ਕਾਠਗੜ, ਸੀਨੀਅਰ ਮੀਤ ਪ੍ਰਧਾਨ ਬਲਰਾਜ ਸਿੰਘ ਮੌੜ, ਰਾਜਪਾਲ ਸਿੰਘ ਲਸੋਈ ਤੇ ਕਿਸ਼ੋਰ ਚੰਦ ਗਾਜ ਨੇ ਕਿਹਾ ਕਿ ਪੰਜਾਬ ਵਾਟਰ ਸਪਲਾਈ ਐਂਡ ਸੀਵਰੇਜ ਬੋਰਡ ਦੇ ਅਧਿਕਾਰੀ ਮੁੱਖ ਕਾਰਜਕਾਰੀ ਅਫਸਰ ਤੇ ਮੁੱਖ ਇੰਜਨੀਅਰ ਵਲੋਂ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਜਾਣ ਬੁੱਝ ਕੇ ਅਣਗੌਲਿਆਂ ਕੀਤਾ ਜਾ ਰਿਹਾ | ਸਰਕਾਰ ਦੇ ਨੋਟੀਫਿਕੇਸ਼ਨ ਅਨੁਸਾਰ 2004 ਤੋਂ ਪਹਿਲਾਂ ਦੇ ਭਰਤੀ ਮੁਲਾਜ਼ਮਾਂ ਤੇ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ ਸਬੰਧੀ ਲਗਾਤਾਰ ਟਾਲ ਮਟੋਲ ਕੀਤੀ ਜਾ ਰਹੀ ਹੈ | ਉਨ੍ਹਾਂ ਦੋਸ਼ ਲਾਇਆ ਕਿ ਇਸੇ ਤਰ੍ਹਾਂ ਸਥਾਨਕ ਸਰਕਾਰਾਂ ਵਿਭਾਗ ਦੇ ਅਧਿਕਾਰੀ ਵਾਪਸੀ ਚਿੱਠੀਆਂ ਲਿਖ ਪੜ੍ਹੀ ਕਰਕੇ ਪੈਨਸ਼ਨ ਕੇਸ ਨੂੰ ਰੋਕਣ 'ਤੇ ਲੱਗੇ ਹੋਏ ਹਨ | ਆਗੂਆਂ ਨੇ ਦੱਸਿਆ ਕਿ ਮੁਲਾਜ਼ਮ ਜਥੇਬੰਦੀ ਦੀਆਂ ਉੱਚ ਅਧਿਕਾਰੀਆਂ ਨਾਲ ਅਤੇ ਵਿੱਤ ਮੰਤਰੀ ਪੰਜਾਬ ਸਰਕਾਰ ਅਗਵਾਈ ਹੇਠ ਬਣੀ ਸਬ ਕਮੇਟੀ ਨਾਲ ਕਈ ਵਾਰ ਮੀਟਿੰਗਾਂ ਹੋ ਚੁੱਕੀਆਂ ਹਨ, ਪਰ ਇਹਨਾਂ ਮੰਗਾਂ ਦਾ ਕੋਈ ਹੱਲ ਨਹੀਂ ਕੀਤਾ ਜਾ ਰਿਹਾ, ਜਿਸ ਕਰਕੇ ਫੀਲਡ ਮੁਲਾਜ਼ਮਾਂ ਵਿਚ ਭਾਰੀ ਰੋਸ ਦੇ ਬੇਚੈਨੀ ਪਾਈ ਜਾ ਰਹੀ ਹੈ | ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਸੀਵਰੇਜ ਬੋਰਡ ਦੇ ਫੀਲਡ 'ਚ ਮੰਡੀਆਂ ਦੇ ਵਿਚ ਕੰਮ ਕਰਦੇ ਕਰਮਚਾਰੀ ਤਨਖ਼ਾਹਾਂ ਤੋਂ ਵਾਂਝੇ ਹਨ | ਰਿਟਾਇਰ ਹੋਏ ਮੁਲਾਜ਼ਮ ਬਕਾਇਆ ਦੇ ਇੰਤਜ਼ਾਰ ਕਰਦੇ ਹੋਏ ਬਹੁਤੇ ਮੁਲਾਜ਼ਮ ਇਸ ਦੁਨੀਆਂ ਤੋਂ ਚਲੇ ਗਏ | ਮੁਲਾਜ਼ਮਾਂ ਨੂੰ ਏਰੀਅਰ ਦੇਣ ਪਿੱਛੇ ਆਨਾਕਾਨੀ ਕੀਤੀ ਜਾ ਰਹੀ ਹੈ | ਕੱਚੇ ਮੁਲਾਜ਼ਮ ਜਿਹੜੇ 20-20 ਸਾਲਾਂ ਤੋਂ ਕੰਮ ਕਰਦੇ ਆ ਰਹੇ ਹਨ, ਉਨ੍ਹਾਂ ਨੂੰ ਰੈਗੂਲਰ ਕਰਨ ਵਾਸਤੇ ਕੋਈ ਪਾਲਸੀ ਨਹੀਂ ਬਣਾਈ ਜਾ ਰਹੀ | ਆਗੂਆਂ ਨੇ ਕਿਹਾ ਕਿ ਇਸ ਕਰਕੇ ਹੀ ਸਥਾਨਕ ਸਰਕਾਰਾਂ ਵਿਭਾਗ ਦੇ ਅਧਿਕਾਰੀਆਂ ਦੇ ਖਿਲਾਫ 7 ਮਈ ਨੂੰ ਸਥਾਨਕ ਸਰਕਾਰਾਂ ਦਫ਼ਤਰ ਸੈਕਟਰ 35 ਵਿਖੇ ਵਿਸ਼ਾਲ ਰੋਸ ਧਰਨਾ ਦੇਣ ਦਾ ਫੈਸਲਾ ਕੀਤਾ ਗਿਆ ਹੈ |