ਚੰਡੀਗੜ੍ਹ, 26 ਅਪ੍ਰੈਲ (ਅਜਾਇਬ ਸਿੰਘ ਔਜਲਾ)-ਵੱਖ-ਵੱਖ ਵਿਸ਼ਿਆਂ ਨੂੰ ਲੈ ਕੇ ਸਾਹਿਤ ਦੇ ਖੇਤਰ 'ਚ ਵਿਚਰ ਰਹੇ ਲੇਖਕ ਸੰਜੀਵ ਸਿੰਘ ਸੈਣੀ ਵਲੋਂ ਏ.ਐਸ.ਰਾਏ (ਸਪੈਸ਼ਲ ਡੀ.ਜੀ.ਪੀ) ਟਰੈਫ਼ਿਕ ਤੇ ਸੜਕ ਸੁਰੱਖਿਆ ਨੂੰ ਆਪਣੀ ਲਿਖੀਆਂ ਪੁਸਤਕਾਂ ਭੇਟ ਕੀਤੀਆਂ ਗਈਆਂ | ਇਸੇ ਦੌਰਾਨ ਸੰਜੀਵ ਸੈਣੀ ਨੇ ਦੱਸਿਆ ਕਿ ਉਨ੍ਹਾਂ ਨੇ ਅੱਠ ਕਿਤਾਬਾਂ ਲਿਖ ਕੇ ਪਾਠਕਾਂ ਦੀ ਕਚਹਿਰੀ ਵਿਚ ਪੇਸ਼ ਕੀਤੀਆਂ ਹਨ | ਉਨ੍ਹਾਂ ਇਹ ਵੀ ਖੁਲਾਸਾ ਕੀਤਾ ਕਿ ਉਨ੍ਹਾਂ ਵਲੋਂ ਮੁੱਖ ਮੰਤਰੀ ਹਰਿਆਣਾ, ਮੌਜੂਦਾ ਪੰਜਾਬ ਰਾਜਪਾਲ, ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਆਪਣੀਆਂ ਪੁਸਤਕਾਂ ਦੇ ਕੇ ਆਏ ਹਨ | ਉਨ੍ਹਾਂ ਕਿਹਾ ਕਿ ਆਪਣੀਆਂ ਪੁਸਤਕਾਂ ਵਿਚ ਇਹ ਜ਼ਿਕਰ ਕੀਤਾ ਹੈ ਕਿ ਜ਼ਿੰਦਗੀ ਨੂੰ ਖ਼ੂਬਸੂਰਤ ਕਿਵੇਂ ਬਣਾਇਆ ਜਾ ਸਕਦਾ ਹੈ, ਸਕਾਰਾਤਮਕ ਸੋਚ ਨਾਲ ਕਿਸ ਤਰ੍ਹਾਂ ਤੁਸੀਂ ਅੱਗੇ ਵਧ ਸਕਦੇ ਹੋ, ਕੁਦਰਤ ਦੇ ਕੀ ਕਾਨੂੰਨ ਹਨ, ਵਾਤਾਵਰਨ ਸਬੰਧੀ, ਬੱਚਿਆਂ ਨੂੰ ਸੇਧ ਦੇਣ ਵਾਲੇ ਲੇਖ, ਸਮਾਜ ਵਿਚ ਇਨਸਾਨ ਦਾ ਕੀ ਰੁਤਬਾ ਹੈ, ਆਦਿ ਵਿਸ਼ਿਆਂ ਬਾਰੇ ਲਿਖਿਆ ਹੈ | ਇਸੇ ਤਰ੍ਹਾਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਵੀ ਕਿਤਾਬ ਲਿਖੀ ਹੈ | ਨਵੀਂ ਪੁਸਤਕ ਦਾ ਨਾਂਅ ਹੈ 'ਨਸ਼ਾ ਨਸ ਤੇ ਜਵਾਨੀ' | ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਚਲਾਈ ਗਈ ਹੈ | ਇਸ ਸਬੰਧੀ ਸੈਣੀ ਨੇ ਆਪਣੀ ਕਿਤਾਬ 'ਚ ਬਾਖ਼ੂਬੀ ਜ਼ਿਕਰ ਕੀਤਾ ਹੈ | ਇਸੇ ਦੌਰਾਨ ਸਪੈਸ਼ਲ ਡੀ.ਜੀ.ਪੀ ਏ.ਐਸ. ਰਾਏ ਨੇ ਸੰਜੀਵ ਸਿੰਘ ਸੈਣੀ ਦੀ ਹੌਸਲਾ ਅਫਜ਼ਾਈ ਕਰਦੇ ਹੋਏ ਕਿਹਾ ਕਿ ਨਿਰੰਤਰ ਤੁਹਾਡੇ ਲੇਖ ਲੋਕਾਂ ਨੂੰ ਸੇਧ ਦੇਣ ਵਾਲੇ ਹੁੰਦੇ ਹਨ, ਜੋ ਪ੍ਰਸੰਸਾਯੋਗ ਹਨ | ਸੰਜੀਵ ਨੇ ਕਿਹਾ ਕਿ ਪੁਸਤਕਾਂ ਪੜ੍ਹਨ ਦਾ ਰੁਝਾਨ ਘਟਦਾ ਜਾ ਰਿਹਾ ਹੈ | ਬੱਚਿਆਂ ਦਾ ਸਕਰੀਨ ਟਾਈਮ ਵੱਧ ਗਿਆ ਹੈ | ਸੰਜੀਵ ਸੈਣੀ ਨੇ ਬਲਦੇਵ ਸਿੰਘ ਸਪਤਰਿਸ਼ੀ ਵਲੋਂ ਦਿੱਤੇ ਗਏ ਸਹਿਯੋਗ ਨੂੰ ਵੀ ਸਲਾਹਿਆ |