ਚੰਡੀਗੜ੍ਹ, 1 ਮਈ (ਸੰਦੀਪ ਕੁਮਾਰ ਮਾਹਨਾ) - ਚੰਡੀਗੜ੍ਹ ਵਿਚ ਆਗਾਮੀ ਨਗਰ ਨਿਗਮ ਚੋਣਾਂ ਨੂੰ ਧਿਆਨ 'ਚ ਰੱਖਦਿਆਂ ਭਾਰਤੀ ਜਨਤਾ ਪਾਰਟੀ (ਭਾਜਪਾ) ਚੰਡੀਗੜ੍ਹ ਨੇ ਆਪਣੀ ਸਿਆਸੀ ਸਰਗਰਮੀ ਤੇਜ਼ ਕਰ ਦਿੱਤੀ ਹੈ | ਇਸੇ ਕੜੀ ਤਹਿਤ ਅੱਜ ਸੈਕਟਰ-33 ਸਥਿਤ ਪਾਰਟੀ ਦੇ ਸੂਬਾ ਦਫ਼ਤਰ 'ਕਮਲਮ' ਵਿਖੇ ਕੋਰ ਕਮੇਟੀ ਦੀ ਅਹਿਮ ਬੈਠਕ ਹੋਈ ਜਿਸ ਵਿਚ ਸੰਗਠਨਾਤਮਕ ਮਜ਼ਬੂਤੀ, ਕਾਰਕੁਨਾਂ ਦੀ ਭੂਮਿਕਾ ਤੇ ਚੋਣੀ ਤਿਆਰੀਆਂ 'ਤੇ ਗਹਿਰਾਈ ਨਾਲ ਵਿਚਾਰ ਚਰਚਾ ਕੀਤੀ ਗਈ | ਕੇਂਦਰੀ ਸਿਹਤ, ਪਰਿਵਾਰ ਕਲਿਆਣ ਤੇ ਰਸਾਇਣ ਅਤੇ ਖਾਦ ਮੰਤਰੀ ਜਗਤ ਪ੍ਰਕਾਸ਼ ਨੱਢਾ ਵਲੋਂ ਬੈਠਕ ਨੂੰ ਵਿਸ਼ੇਸ਼ ਮਾਰਗ ਦਰਸ਼ਨ ਦਿੱਤਾ ਗਿਆ | ਬੈਠਕ 'ਚ ਭਾਜਪਾ ਦੇ ਰਾਸ਼ਟਰੀ ਉਪ ਪ੍ਰਧਾਨ ਸੌਦਾਨ ਸਿੰਘ, ਸਾਬਕਾ ਸੰਸਦ ਮੈਂਬਰ ਕਿਰਨ ਖੇਰ, ਸੰਗਠਨ ਮਹਾ ਮੰਤਰੀ (ਪੰਜਾਬ ਤੇ ਚੰਡੀਗੜ੍ਹ) ਮੰਥਰੀ ਸ੍ਰੀਨੀਵਾਸੁਲੂ, ਸੂਬਾ ਪ੍ਰਧਾਨ ਜਤਿੰਦਰ ਪਾਲ ਮਲਹੋਤਰਾ, ਸਾਬਕਾ ਸੂਬਾ ਪ੍ਰਧਾਨ ਤੇ ਹਿਮਾਚਲ ਪ੍ਰਦੇਸ਼ ਦੇ ਸਹਿ-ਇੰਚਾਰਜ ਸੰਜੇ ਟੰਡਨ, ਸੂਬਾ ਜਨਰਲ ਸਕੱਤਰ ਰਾਮਵੀਰ ਭੱਟੀ ਤੇ ਸੰਜੀਵ ਰਾਣਾ ਸਮੇਤ ਕਈ ਆਗੂ ਮੌਜੂਦ ਸਨ | ਇਸ ਤੋਂ ਇਲਾਵਾ ਸਾਬਕਾ ਮੇਅਰ ਤੇ ਕੌਂਸਲਰ ਅਨੂਪ ਗੁਪਤਾ ਨੇ ਵੀ ਬੈਠਕ 'ਚ ਹਾਜ਼ਰੀ ਭਰੀ | ਬੈਠਕ ਦੌਰਾਨ ਬੂਥ ਪੱਧਰ ਤੋਂ ਲੈ ਕੇ ਸੂਬਾ ਪੱਧਰ ਤੱਕ ਸੰਗਠਨ ਨੂੰ ਹੋਰ ਮਜ਼ਬੂਤ ਤੇ ਸਰਗਰਮ ਬਣਾਉਣ 'ਤੇ ਜ਼ੋਰ ਦਿੱਤਾ ਗਿਆ | ਕਾਰਕੰੁਨਾਂ ਦੀ ਭੂਮਿਕਾ ਵਧਾਉਣ, ਸੰਗਠਨਾਤਮਕ ਢਾਂਚੇ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਤੇ ਪਾਰਟੀ ਅਨੁਸ਼ਾਸਨ ਨੂੰ ਪ੍ਰਾਥਮਿਕਤਾ ਦੇਣ ਬਾਰੇ ਵਿਸਤਾਰ ਨਾਲ ਚਰਚਾ ਹੋਈ | ਆਗੂਆਂ ਨੇ ਕਿਹਾ ਕਿ ਮਜ਼ਬੂਤ ਸੰਗਠਨ ਹੀ ਚੋਣੀ ਜਿੱਤ ਦੀ ਬੁਨਿਆਦ ਹੁੰਦਾ ਹੈ | ਨਗਰ ਨਿਗਮ ਚੋਣਾਂ ਦੇ ਮੱਦੇਨਜ਼ਰ ਹਰ ਵਾਰਡ 'ਚ ਸੰਗਠਨਾਤਮਕ ਸਰਗਰਮੀ ਯਕੀਨੀ ਬਣਾਉਣ, ਜਨ ਸੰਪਰਕ ਮੁਹਿੰਮ ਨੂੰ ਤੇਜ਼ ਕਰਨ ਅਤੇ ਜਨਹਿਤ ਦੇ ਮਸਲਿਆਂ ਨੂੰ ਘਰ-ਘਰ ਤੱਕ ਪਹੁੰਚਾਉਣ ਲਈ ਵਿਸਤਿ੍ਤ ਰਣਨੀਤੀ ਤਿਆਰ ਕੀਤੀ ਗਈ | ਵਰਕਰਾਂ ਨੂੰ ਹਦਾਇਤ ਦਿੱਤੀ ਗਈ ਕਿ ਉਹ ਜ਼ਮੀਨੀ ਪੱਧਰ 'ਤੇ ਲੋਕਾਂ ਨਾਲ ਸਿੱਧਾ ਸੰਪਰਕ ਬਣਾਕੇ ਪਾਰਟੀ ਦੀਆਂ ਨੀਤੀਆਂ ਤੇ ਉਪਲਬਧੀਆਂ ਬਾਰੇ ਜਾਣਕਾਰੀ ਦੇਣ | ਜਗਤ ਪ੍ਰਕਾਸ਼ ਨੱਢਾ ਨੇ ਆਪਣੇ ਸੰਬੋਧਨ 'ਚ ਕਿਹਾ ਕਿ ਭਾਜਪਾ ਦੀ ਸਭ ਤੋਂ ਵੱਡੀ ਤਾਕਤ ਉਸ ਦਾ ਅਨੁਸ਼ਾਸਿਤ ਤੇ ਸਮਰਪਿਤ ਵਰਕਰ ਹੈ | ਉਨ੍ਹਾਂ ਨੇ ਸਾਰੇ ਆਗੂਆਂ ਤੇ ਕਾਰਕੁਨਾਂ ਨੂੰ ਅਪੀਲ ਕੀਤੀ ਕਿ ਉਹ ਪੂਰੀ ਤਨਦੇਹੀ ਨਾਲ ਕੰਮ ਕਰਦੇ ਹੋਏ ਪਾਰਟੀ ਦੇ ਸੁਨੇਹੇ ਨੂੰ ਹਰ ਘਰ ਤੱਕ ਪਹੁੰਚਾਉਣ | ਭਾਜਪਾ ਵਲੋਂ ਬੁਲਾਈ ਇਸ ਬੈਠਕ ਤੋਂ ਸਪਸ਼ਟ ਸੰਕੇਤ ਮਿਲਦੇ ਹਨ ਕਿ ਪਾਰਟੀ ਸੰਗਠਨਾਤਮਕ ਤੌਰ 'ਤੇ ਖ਼ੁਦ ਨੂੰ ਹੋਰ ਮਜ਼ਬੂਤ ਕਰ ਰਹੀ ਹੈ ਤੇ ਨਗਰ ਨਿਗਮ ਚੋਣਾਂ ਵਿਚ ਇਕਜੁਟਤਾ ਤੇ ਰਣਨੀਤੀ ਨਾਲ ਮੈਦਾਨ ਵਿਚ ਉੱਤਰਨ ਲਈ ਤਿਆਰ ਹੈ |