ਡੇਰਾਬੱਸੀ, 29 ਅਪ੍ਰੈਲ (ਰਣਬੀਰ ਸਿੰਘ ਪੜ੍ਹੀ)-ਡੇਰਾਬੱਸੀ ਪੁਲਿਸ ਵਲੋਂ ਨਸ਼ਾ ਮੁਕਤ ਪੰਜਾਬ ਦੀ ਸਿਰਜਣਾ ਲਈ ਵਿੱਢੀ ਗਈ ਮੁਹਿੰਮ ਤਹਿਤ ਵੱਡੀ ਸਫਲਤਾ ਹਾਸਿਲ ਕਰਦਿਆਂ ਚਿੱਟੇ ਦੇ ਨਸ਼ੇ ਦੇ ਆਦੀ ਤਿੰਨ ਨੌਜਵਾਨਾਂ ਨੂੰ ਵੱਖ-ਵੱਖ ਥਾਵਾਂ ਤੋਂ ਗਿ੍ਫ਼ਤਾਰ ਕੀਤਾ ਗਿਆ ਹੈ | ਥਾਣਾ ਮੁਖੀ ਸੁਮਿਤ ਮੋਰ ਮੁਤਾਬਿਕ ਪੁਲਿਸ ਦੀ ਇਹ ਕਾਰਵਾਈ ਜਨਤਕ ਸਹਿਯੋਗ ਅਤੇ ਮੁਸਤੈਦ ਗਸ਼ਤ ਦਾ ਨਤੀਜਾ ਹੈ, ਜਿਸ ਵਿਚ 'ਸੇਫ ਪੰਜਾਬ ਪੋਰਟਲ' ਰਾਹੀਂ ਪ੍ਰਾਪਤ ਸ਼ਿਕਾਇਤਾਂ ਨੇ ਅਹਿਮ ਭੂਮਿਕਾ ਨਿਭਾਈ | ਇਹ ਪਹਿਲੀ ਸਫ਼ਲ ਕਾਰਵਾਈ ਸਹਾਇਕ ਥਾਣੇਦਾਰ ਮਲਕੀਤ ਸਿੰਘ ਦੀ ਅਗਵਾਈ ਹੇਠ ਅਮਲ ਵਿਚ ਲਿਆਂਦੀ ਗਈ ਹੈ | ਪੁਲਿਸ ਨੂੰ ਪੋਰਟਲ ਰਾਹੀਂ ਗੁਪਤ ਸੂਚਨਾ ਮਿਲੀ ਸੀ ਕਿ ਦਵਿੰਦਰ ਸਿੰਘ ਰਾਵਤ ਵਾਸੀ ਅਮਰਦੀਪ ਕਾਲੋਨੀ ਚਿੱਟੇ ਦੇ ਨਸ਼ੇ ਦਾ ਬੁਰੀ ਤਰ੍ਹਾਂ ਆਦੀ ਹੈ ਅਤੇ ਉਹ ਰੇਲਵੇ ਸਟੇਸ਼ਨ ਨੇੜੇ ਨਸ਼ੇ ਦੀ ਹਾਲਤ 'ਚ ਮੌਜੂਦ ਹੈ | ਇਸ ਸੂਚਨਾ 'ਤੇ ਪੁਲਿਸ ਟੀਮ ਨੇ ਤੁਰੰਤ ਕਾਰਵਾਈ ਕਰਦਿਆਂ ਮੁਲਜ਼ਮ ਨੂੰ ਮੌਕੇ ਤੋਂ ਰੰਗੇ ਹੱਥੀਂ ਕਾਬੂ ਕਰ ਲਿਆ | ਇਸੇ ਤਰ੍ਹਾਂ ਸਹਾਇਕ ਥਾਣੇਦਾਰ ਮਲਕੀਤ ਸਿੰਘ ਨੇ ਇਕ ਹੋਰ ਕਾਰਵਾਈ ਦੌਰਾਨ ਬੱਸ ਅੱਡਾ ਡੇਰਾਬੱਸੀ ਤੋਂ ਸੁਨੀਲ ਬਾਵਾ ਨਾਮਕ ਵਿਅਕਤੀ ਨੂੰ ਨਸ਼ੇ ਦੀ ਲੋਰ 'ਚ ਬੈਠੇ ਕਾਬੂ ਕੀਤਾ | ਇਸੇ ਲੜੀ ਤਹਿਤ ਤੀਜੀ ਕਾਰਵਾਈ ਸਹਾਇਕ ਥਾਣੇਦਾਰ ਲਖਵਿੰਦਰ ਸਿੰਘ ਵਲੋਂ ਕੀਤੀ ਗਈ, ਜਦੋਂ ਉਹ ਗਸ਼ਤ ਦੌਰਾਨ ਪੁਲਿਸ ਪਾਰਟੀ ਸਮੇਤ ਪੰਡਵਾਲਾ ਹਸਪਤਾਲ ਨੇੜਿਓਾ ਲੰਘ ਰਹੇ ਸੀ ਤਾਂ ਇਸ ਦੌਰਾਨ ਝਾੜੀਆਂ 'ਚ ਲੁਕ ਕੇ ਬੈਠਾ ਇਕ ਸ਼ੱਕੀ ਨੌਜਵਾਨ ਪੁਲਿਸ ਦੀ ਨਜ਼ਰੀਂ ਚੜ੍ਹ ਗਿਆ | ਇਸ ਕਾਬੂ ਕੀਤੇ ਗਏ ਵਿਅਕਤੀ ਦੀ ਪਛਾਣ ਜਸਵੀਰ ਸਿੰਘ ਵਾਸੀ ਖਟੀਕ ਮਹੱਲਾ ਵਜੋਂ ਹੋਈ ਹੈ | ਭਾਵੇਂ ਉਸ ਕੋਲੋਂ ਕੋਈ ਪਦਾਰਥ ਬਰਾਮਦ ਨਹੀਂ ਹੋਇਆ, ਪਰ ਸ਼ੱਕ ਦੇ ਅਧਾਰ 'ਤੇ ਕਰਵਾਇਆ ਗਿਆ ਉਸ ਦਾ ਡੋਪ ਟੈਸਟ ਪਾਜ਼ੀਟਿਵ ਪਾਇਆ ਗਿਆ, ਜੋ ਉਸ ਵਲੋਂ ਨਸ਼ੇ ਦੇ ਸੇਵਨ ਦੀ ਪੁਸ਼ਟੀ ਕਰਦਾ ਹੈ | ਉਕਤ ਜਣਿਆ ਖਿਲਾਫ ਨਸ਼ਾ ਵਿਰੋਧੀ ਐਕਟ ਤਹਿਤ ਮਾਮਲਾ ਦਰਜ ਕਰਕੇ ਮੁਲਜ਼ਮਾਂ ਨੂੰ ਇਲਾਜ ਲਈ ਭਰਤੀ ਕਰਵਾਇਆ ਗਿਆ |