ਖਰੜ, 1 ਮਈ (ਗੁਰਮੁੱਖ ਸਿੰਘ ਮਾਨ)-ਖਰੜ ਖੇਤਰ ਦੇ ਪਿੰਡਾਂ 'ਚ ਘਰੇਲੂ ਬਿਜਲੀ ਦੀ ਸਪਲਾਈ ਦੇ ਲੱਗ ਰਹੇ ਲੰਬੇ-ਲੰਬੇ ਕੱਟਾਂ ਕਾਰਨ ਇਨਵਟਰ ਵੀ ਬੰਦ ਹੋ ਜਾਂਦੇ ਹਨ ਅਤੇ ਗਰਮੀ ਨੂੰ ਵੇਖਦੇ ਹੋਏ ਬਿਜਲੀ ਦੀ ਸਪਲਾਈ ਨਿਰੰਤਰ ਜਾਰੀ ਰੱਖਣ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਵਲੋਂ ਪਾਵਰਕਾਮ ਖਰੜ ਦੇ ਐਕਸੀਅਨ ਨੂੰ ਮੰਗ-ਪੱਤਰ ਸੌਂਪਿਆ ਗਿਆ | ਕਿਸਾਨ ਆਗੂ ਜਸਵਿੰਦਰ ਸਿੰਘ ਟਿਵਾਣਾ ਜੱਸੀ ਘੜੰੂਆਂ, ਗਿਆਨ ਸਿੰਘ ਧੜਾਕ, ਸੁਰਮੁੱਖ ਸਿੰਘ ਛੱਜੂਮਾਜਰਾ, ਦਿਲਬਾਗ ਸਿੰਘ ਸਰਪੰਚ ਭਾਗੋਮਾਜਰਾ, ਸਰਬਜੀਤ ਸਿੰਘ ਗੋਲਾ ਘੜੰੂਆਂ, ਗੁਰਵਿੰਦਰ ਸਿੰਘ ਸਰਪੰਚ, ਗੁਰਿੰਦਰ ਸਿੰਘ, ਗੁਰਜੰਟ ਸਿੰਘ ਅਤੇ ਅੰਗਰੇਜ ਸਿੰਘ ਛੱਜੂਮਾਜਰਾ ਸਮੇਤ ਹੋਰਨਾਂ ਨੇ ਦੱਸਿਆ ਕਿ ਪਿੰਡ ਘੜੂੰਆਂ ਵਿਖੇ ਮੋਟਰਾਂ ਵਾਲੀਆਂ ਬਿਜਲੀ ਦੀਆਂ ਤਾਰਾਂ ਬਹੁਤ ਢਿੱਲੀਆਂ ਹਨ, ਜਿਸ ਕਾਰਨ ਹਰ ਸਮੇਂ ਅੱਗ ਲੱਗਣ ਦਾ ਖਦਸ਼ਾ ਬਣਿਆ ਰਹਿੰਦਾ ਹੈ | ਉਨ੍ਹਾਂ ਦੱਸਿਆ ਕਿ ਕਿਸਾਨ ਮਨਜੀਤ ਸਿੰਘ ਦੇ ਖੇਤ 'ਚ ਇਕ ਟਰਾਂਸਫਾਰਮਰ ਖੜ੍ਹਾ ਹੈ, ਜਿਸ ਨੂੰ ਕੋਈ ਰਸਤਾ ਨਹੀਂ ਹੈ, ਲਿਹਾਜ਼ਾ ਇਸ ਟਰਾਂਸਫਾਰਮਰ ਨੂੰ ਕਿਸੇ ਰਸਤੇ 'ਤੇ ਲਗਾਇਆ ਜਾਵੇ |