ਨੂਰਪੁਰ ਬੇਦੀ, 2 ਮਈ (ਹਰਦੀਪ ਸਿੰਘ ਢੀਂਡਸਾ)- ਰੂਪਨਗਰ ਜ਼ਿਲ੍ਹੇ ਨਾਲ ਸਬੰਧਿਤ ਨੂਰਪੁਰ ਬੇਦੀ ਇਲਾਕੇ ਦੇ ਪਿੰਡ ਭਾਓਵਾਲ ਦੇ ਨੌਜਵਾਨ ਦੀ ਯੂ.ਐਸ.ਏ. ਦੀ ਕੈਲੀਫੋਰਨੀਆਂ ਸਟੇਟ 'ਚ ਮੌਤ ਹੋਣ ਦਾ ਸਮਾਚਾਰ ਹੈ | ਜਾਣਕਾਰੀ ਅਨੁਸਾਰ ਤਾਜਵੀਰ ਸਿੰਘ ਨਿੱਝਰ (ਲੱਕੀ) ਪੁੱਤਰ ਸਵ.ਸ਼ਿੰਗਾਰਾ ਸਿੰਘ ਬੀਤੇ ਕਰੀਬ 7 ਸਾਲ ਪਹਿਲਾਂ ਰੋਜ਼ੀ ਰੋਟੀ ਦੀ ਭਾਲ 'ਚ ਯੂ.ਐਸ.ਏ ਗਿਆ ਸੀ ਜਿੱਥੇ ਉਹ ਕੈਲੀਫੋਰਨੀਆਂ ਦੇ ਸ਼ਹਿਰ ਲਿੰਕਨ ਵਿਖੇ ਆਪਣੇ ਮਾਮੇ ਜਸਕਰਨ ਸਿੰਘ ਬੈਂਸ ਕੋਲ ਰਹਿੰਦਾ ਸੀ | ਮਾਤਾ ਜਸਵਿੰਦਰ ਕੌਰ ਭਾਓਵਾਲ ਦੀ ਦੁਨੀਆ ਉਦੋਂ ਵਿਰਾਨ ਹੋ ਗਈ ਜਦੋਂ ਉਸ ਨੂੰ ਬੀਤੀ 6 ਅਪ੍ਰੈਲ ਨੂੰ ਅਮਰੀਕਾ ਤੋਂ ਇਕਲੌਤੇ ਪੁੱਤਰ ਦੀ ਹਾਰਟ ਅਟੈਕ ਨਾਲ ਹੋਈ ਮੌਤ ਦੀ ਖ਼ਬਰ ਮਿਲੀ | ਇਸੇ ਦਿਨ ਤਾਜਵੀਰ ਨੇ ਆਪਣੀ ਮਾਤਾ ਜਸਵਿੰਦਰ ਕੌਰ ਨਾਲ ਆਖ਼ਰੀ ਵਾਰ ਫੋਨ 'ਤੇ ਗੱਲ ਕੀਤੀ ਸੀ | ਤਾਜਵੀਰ ਸਿੰਘ ਨਿੱਝਰ ਦੇ ਪਿਤਾ ਸ਼ਿੰਗਾਰਾ ਸਿੰਘ ਦੀ 18 ਸਾਲ ਪਹਿਲਾਂ ਹੀ ਮੌਤ ਹੋ ਚੁੱਕੀ ਸੀ | ਤਾਜਵੀਰ ਦੀ ਮਿ੍ਤਕ ਦੇਹ ਨੂੰ ਹਵਾਈ ਮਾਰਗ ਰਾਹੀਂ ਬੀਤੀ 1 ਮਈ ਨੂੰ ਦਿੱਲੀ ਲਿਆਂਦਾ ਗਿਆ ਜਿੱਥੋਂ ਉਸ ਨੂੰ ਉਸ ਦੇ ਨਾਨਕੇ ਪਿੰਡ ਬੈਂਸ ਵਿਖੇ ਲਿਆਂਦਾ ਗਿਆ | ਤਾਜਵੀਰ ਦਾ ਅੰਤਿਮ ਸਸਕਾਰ ਬੈਂਸ ਵਿਖੇ ਸੈਂਕੜੇ ਸੇਜਲ ਅੱਖਾਂ ਦੀ ਮੌਜੂਦਗੀ ਵਿਚ ਕਰ ਦਿੱਤਾ ਗਿਆ | ਮਾ.ਗੁਰਮੁੱਖ ਸਿੰਘ ਬੈਂਸ ਸਾਬਕਾ ਜ਼ਿਲ੍ਹਾ ਪ੍ਰਧਾਨ ਅਧਿਆਪਕ ਦਲ ਨੇ ਅਮਰੀਕਾ ਤੋਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਤਾਜਵੀਰ ਸਿੰਘ ਨੇ ਪੀ.ਆਰ. ਹੋਣ ਦੀ ਫਾਈਲ ਲਗਾਈ ਹੋਈ ਸੀ ਪਰ ਹਾਲੇ ਪੀ.ਆਰ. ਨਹੀਂ ਮਿਲੀ ਸੀ | ਉਸਨੇ ਅਕਤੂਬਰ ਵਿਚ ਭਾਰਤ ਵਿਆਹ ਕਰਵਾਉਣ ਆਉਣਾ ਸੀ ਪਰ ਹੋਣੀ ਨੂੰ ਕੁੱਝ ਹੋਰ ਹੀ ਮਨਜ਼ੂਰ ਸੀ | ਤਾਜਵੀਰ ਦੀ ਮੌਤ 'ਤੇ ਸੁਖਦੇਵ ਸਿੰਘ ਸਾਬਕਾ ਸਰਪੰਚ ਮਾਧੋਪੁਰ, ਮਾ.ਸ਼ਿੰਗਾਰਾ ਸਿੰਘ ਬੈਂਸ, ਹਰਮੰਦਰ ਸਿੰਘ ਬੈਂਸ, ਕੁਲਵਿੰਦਰ ਸਿੰਘ ਕਿੰਦੀ, ਅਮਰੀਕ ਸਿੰਘ, ਭਜਨ ਸਿੰਘ ਸਮਰਾਲਾ, ਦਵਿੰਦਰ ਸਿੰਘ ਕਾਲਾ, ਜਗਵਿੰਦਰ ਸਿੰਘ ਬੰਗਾ, ਬਾਬਾ ਮਹਿੰਦਰ ਸਿੰਘ, ਦਿਲਬਾਗ ਸਿੰਘ ਆਦਿ ਨੇ ਗਹਿਰਾ ਦੁੱਖ ਪ੍ਰਗਟ ਕੀਤਾ |