ਹੁਸ਼ਿਆਰਪੁਰ, 2 ਮਈ (ਬਲਜਿੰਦਰਪਾਲ ਸਿੰਘ)-ਆਈ. ਸੀ. ਐਸ. ਈ. ਵਲੋਂ ਐਲਾਨੇ 10ਵੀਂ ਜਮਾਤ ਦੇ ਨਤੀਜੇ 'ਚ ਸੰਤ ਬਾਬਾ ਹਰੀ ਸਿੰਘ ਮਾਡਲ ਸਕੂਲ ਮਾਹਿਲਪੁਰ ਦਾ ਨਤੀਜਾ 100 ਫ਼ੀਸਦੀ ਰਿਹਾ | ਇਸ ਸੰਬੰਧੀ ਪਿ੍ੰ: ਸ਼ਿਬੂ ਮੈਥਿਊ ਕੇ. ਨੇ ਸਾਰੇ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਸਖ਼ਤ ਮਿਹਨਤ ਤੇ ਨਤੀਜੇ 'ਚ ਸ਼ਾਨਦਾਰ ਪ੍ਰਦਰਸ਼ਨ ਲਈ ਵਧਾਈ ਦਿੱਤੀ | ਉਨ੍ਹਾਂ ਕਿਹਾ ਕਿ ਵਿਦਿਆਰਥੀ ਪੜ੍ਹਾਈ ਤੇ ਖੇਡਾਂ ਦੇ ਨਾਲ-ਨਾਲ ਹਰੇਕ ਵਿੱਦਿਅਕ ਗਤੀਵਿਧੀ 'ਚ ਸਕੂਲ ਦਾ ਨਾਂਅ ਰੌਸ਼ਨ ਕਰ ਰਹੇ ਹਨ | ਉਨ੍ਹਾਂ ਸਮੂਹ ਅਧਿਆਪਕਾਂ ਤੇ ਗੈਰ-ਅਧਿਆਪਕ ਅਮਲੇ ਦਾ ਵਿਦਿਆਰਥੀਆਂ ਨੂੰ ਉੱਚ ਪ੍ਰਾਪਤੀਆਂ ਤੱਕ ਪਹੁੰਚਾਉਣ 'ਚ ਉਨ੍ਹਾਂ ਦੀ ਨਿਰੰਤਰ ਮਿਹਨਤ, ਸਮਰਪਣ ਤੇ ਸਬਰ ਲਈ ਧੰਨਵਾਦ ਕੀਤਾ | ਪਿ੍ੰਸੀਪਲ ਸ਼ਿਬੂ ਮੈਥਿਊ ਕੇ. ਨੇ ਸਕੂਲ ਪ੍ਰਬੰਧਨ ਦਾ ਉਨ੍ਹਾਂ ਦੀ ਦੂਰਅੰਦੇਸ਼ੀ ਅਗਵਾਈ ਤੇ ਲਗਾਤਾਰ ਦਿੱਤੇ ਸਹਿਯੋਗ ਅਤੇ ਵਿਦਿਆਰਥੀਆਂ ਮਾਪਿਆਂ ਦਾ ਵੀ ਧੰਨਵਾਦ ਕੀਤਾ | ਉਨ੍ਹਾਂ ਦੱਸਿਆ ਕਿ ਆਈ. ਸੀ. ਐਸ. ਈ. ਵਲੋਂ ਐਲਾਨੇ 10ਵੀਂ ਜਮਾਤ ਦੇ ਨਤੀਜੇ 'ਚ 14 ਵਿਦਿਆਰਥੀਆਂ ਨੇ 90 ਫ਼ੀਸਦੀ ਤੋਂ ਵੱਧ, 59 ਵਿਦਿਆਰਥੀਆਂ ਨੇ 80 ਫ਼ੀਸਦੀ ਤੋਂ ਵੱਧ ਅੰਕ ਪ੍ਰਾਪਤ ਕੀਤੇ | ਇਸੇ ਤਰ੍ਹਾਂ ਨਤੀਜੇ 'ਚ ਅਰਸ਼ਦੀਪ ਕੌਰ ਨੇ 97.8 ਫ਼ੀਸਦੀ, ਮਯੰਕ ਸੋਬਤੀ ਨੇ 97 ਫ਼ੀਸਦੀ, ਹਰਮਨ ਹੈਰੀ ਨੇ 96.4 ਫ਼ੀਸਦੀ, ਵਿਧੀ ਨੇ 96.4 ਫ਼ੀਸਦੀ, ਖ਼ੁਸ਼ੀ ਸ਼ਰਮਾ ਨੇ 96.2 ਫ਼ੀਸਦੀ ਅਤੇ ਗੁਰਪਿੰਦਰ ਕੌਰ ਨੇ 95.6 ਫ਼ੀਸਦੀ ਅੰਕ ਹਾਸਲ ਕਰਕੇ ਸਕੂਲ ਦਾ ਨਾਂਅ ਰੌਸ਼ਨ ਕੀਤਾ | ਉਨ੍ਹਾਂ ਦੱਸਿਆ ਕਿ ਕੁਝ ਵਿਦਿਆਰਥੀਆਂ ਨੇ ਅੰਗਰੇਜ਼ੀ, ਪੰਜਾਬੀ, ਇਤਿਹਾਸ ਤੇ ਸਰੀਰਕ ਸਿੱਖਿਆ ਵਿਸ਼ਿਆਂ 'ਚ ਪੂਰੇ 100 ਅੰਕ ਪ੍ਰਾਪਤ ਕੀਤੇ | ਇਸ ਮੌਕੇ ਸਕੂਲ ਦੀ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਸੰਤ ਸਾਧੂ ਸਿੰਘ ਕਹਾਰਪੁਰੀ, ਸਰਪ੍ਰਸਤ ਡਾ. ਜੰਗ ਬਹਾਦਰ ਸਿੰਘ ਰਾਏ, ਮੈਨੇਜਰ ਇੰਦਰਜੀਤ ਸਿੰਘ ਭਾਰਟਾ, ਜਨਰਲ ਸੈਕਟਰੀ ਪ੍ਰੋਫੈਸਰ ਅਪਿੰਦਰ ਸਿੰਘ, ਸਹਾਇਕ ਮੈਨੇਜਰ ਜਸਪ੍ਰੀਤ ਸਿੰਘ ਗਿੱਲ, ਉਪ ਪ੍ਰਧਾਨ ਗੁਰਪ੍ਰੀਤ ਸਿੰਘ ਬੈਂਸ, ਵਰਿੰਦਰ ਕੁਮਾਰ ਸ਼ਰਮਾ ਖ਼ਜ਼ਾਨਚੀ, ਪਿ੍ੰਸੀਪਲ ਡਾ: ਪਰਵਿੰਦਰ ਸਿੰਘ (ਖ਼ਾਲਸਾ ਕਾਲਜ), ਪਿ੍ੰਸੀਪਲ ਰੋਹਤਾਸ ਬੀ.ਐਡ ਕਾਲਜ, ਕਪਿਲ ਸ਼ਰਮਾ, ਕੁਲਵਿੰਦਰ ਸਿੰਘ ਭਾਰਟਾ, ਗੁਰਦਿਆਲ ਸਿੰਘ ਖਾਬੜਾ, ਉਪ ਪ੍ਰਧਾਨ ਅਮਨਦੀਪ ਸਿੰਘ, ਜਸਵੰਤ ਸਿੰਘ, ਮੰਗਲਜੀਤ ਸਿੰਘ ਲਾਲੀ, ਵਾਇਸ ਪਿ੍ੰਸੀਪਲ ਵਿਸ਼ਾਲ ਕੁਮਾਰ, ਸਰਪੰਚ ਹਰਨੇਕ ਸਿੰਘ, ਸਤਵਿੰਦਰ ਸਿੰਘ ਬਿੱਟੂ ਅਤੇ ਸਮੂਹ ਸਟਾਫ਼ ਵਲੋਂ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਕਾਮਯਾਬੀ ਲਈ ਵਧਾਈ ਦਿੱਤੀ ਗਈ | ਉਕਤ ਸ਼ਾਨਦਾਰ ਨਤੀਜੇ ਲਈ ਸਕੂਲ ਵਲੋਂ 95 ਫ਼ੀਸਦੀ ਤੋਂ ਵੱਧ ਅੰਕ ਹਾਸਿਲ ਕਰਨ ਵਾਲੇ ਵਿਦਿਆਰਥੀਆਂ ਨੂੰ 31-31 ਸੌ ਰੁਪਏ, 90 ਫ਼ੀਸਦੀ ਅੰਕ ਹਾਸਿਲ ਕਰਨ ਵਾਲਿਆਂ ਨੂੰ 21-21 ਸੌ, 85 ਫ਼ੀਸਦੀ ਅੰਕ ਹਾਸਿਲ ਕਰਨ ਵਾਲਿਆਂ ਨੂੰ 15-15 ਸੌ ਤੇ 80 ਫ਼ੀਸਦੀ ਅੰਕ ਹਾਸਿਲ ਕਰਨ ਵਾਲੇ ਵਿਦਿਆਰਥੀਆਂ ਨੂੰ 11-11 ਸੌ ਰੁਪਏ ਦੀ ਰਾਸ਼ੀ ਦੇ ਕੇ ਸਨਮਾਨਿਤ ਕੀਤਾ | ਇਸ ਮੌਕੇ ਕਮੇਟੀ ਦੇ ਪ੍ਰਧਾਨ ਸੰਤ ਸਾਧੂ ਸਿੰਘ ਕਹਾਰਪੁਰੀ ਨੇ ਹੋਣਹਾਰ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਵਿਦਿਆਰਥੀਆਂ ਨੂੰ ਆਧੁਨਿਕ ਸਿੱਖਿਆ ਪ੍ਰਣਾਲੀ ਨਾਲ ਜੋੜਨ ਲਈ ਸਕੂਲ ਹਰੇਕ ਸਹੂਲਤ ਅਤੇ ਵਧੀਆ ਅਧਿਆਪਕ ਸਟਾਫ਼ ਨਾਲ ਲੈੱਸ ਹੈ | ਉਨ੍ਹਾਂ ਕਿਹਾ ਕਿ ਸਕੂਲ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਲਈ ਹਮੇਸ਼ਾਂ ਵਚਨਬੱਧ ਹੈ |