ਜ਼ੀਰਕਪੁਰ, 4 ਮਈ (ਮਨਿੰਦਰ ਸਿੰਘ)- ਸਥਾਨਕ ਪੀ ਆਰ-7 ਰੋਡ 'ਤੇ ਸਥਿਤ ਅਨੰਤਾ ਲਾਈਫ਼ ਸਟਾਈਲ ਸੁਸਾਇਟੀ ਵਿਚਲੇ ਇਕ ਸੇਵਾ-ਮੁਕਤ ਕਰਨਲ ਦੇ ਫਲੈਟ 'ਚੋਂ 15 ਲੱਖ ਰੁ. ਦੀ ਨਕਦੀ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ | ਪੁਲਿਸ ਨੇ ਸੇਵਾ-ਮੁਕਤ ਕਰਨਲ ਦੀ ਸ਼ਿਕਾਇਤ 'ਤੇ ਅਣਪਛਾਤਿਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ | ਪੁਲਿਸ ਨੂੰ ਦਿੱਤੀ ਆਪਣੀ ਸ਼ਿਕਾਇਤ 'ਚ ਸੇਵਾ-ਮੁਕਤ ਕਰਨਲ ਬੀ.ਐਮ. ਤਲਵਾਰ ਨੇ ਦੱਸਿਆ ਕਿ ਬੀਤੀ 27 ਫਰਵਰੀ ਨੂੰ ਉਸ ਦੇ ਪੁੱਤਰ ਰੁਦਰਾਕਸ਼ ਤੇ ਉਸ ਦੇ ਦੋਸਤਾਂ ਨੇ ਇਕੱਠੇ ਕੋਈ ਪ੍ਰਾਪਰਟੀ ਖ਼ਰੀਦਣ ਲਈ 15 ਲੱਖ ਰੁਪਏ ਇਕੱਠੇ ਕੀਤੇ ਸਨ ਪਰ ਕਿਸੇ ਕਾਰਨ ਉਹ ਪ੍ਰਾਪਰਟੀ ਨਹੀਂ ਖ਼ਰੀਦ ਸਕੇ | ਇਸ ਤੋਂ ਬਾਅਦ ਉਸ ਦੇ ਪੁੱਤਰ ਨੇ ਇਹ 15 ਲੱਖ ਆਪਣੀ ਮਾਂ ਨੂੰ ਰੱਖਣ ਲਈ ਦਿੱਤੇ ਸਨ ਅਤੇ ਉਸ ਨੇ ਇਹ ਨਕਦੀ ਆਪਣੇ ਘਰ ਦੇ ਲਾਕਰ 'ਚ ਰੱਖ ਦਿੱਤੀ ਸੀ | ਬੀਤੀ 13 ਮਾਰਚ ਨੂੰ ਜਦੋਂ ਉਸ ਦੇ ਪੁੱਤਰ ਨੇ ਪੈਸਿਆਂ ਦੀ ਮੰਗ ਕੀਤੀ ਤਾਂ ਲਾਕਰ 'ਚੋਂ 15 ਲੱਖ ਗਾਇਬ ਸਨ | ਪੀੜਤ ਪਰਿਵਾਰ ਨੇ ਆਪਣੇ ਤੌਰ 'ਤੇ ਪੈਸਿਆਂ ਦੀ ਕਾਫ਼ੀ ਭਾਲ ਕੀਤੀ ਪਰ ਕੋਈ ਪਤਾ ਨਹੀਂ ਚੱਲਿਆ | ਸੇਵਾ-ਮੁਕਤ ਕਰਨਲ ਤਲਵਾਰ ਨੇ ਦੋਸ਼ ਲਗਾਇਆ ਕਿ ਕੋਈ ਅਣਪਛਾਤਾ ਵਿਅਕਤੀ ਜਾਂ ਔਰਤ ਉਸ ਦੇ ਫਲੈਟ 'ਚੋਂ ਉਕਤ ਨਕਦੀ ਚੋਰੀ ਕਰਕੇ ਲੈ ਗਿਆ ਹੈ | ਪੁਲਿਸ ਨੇ ਸੇਵਾ-ਮੁਕਤ ਕਰਨਲ ਦੇ ਬਿਆਨਾਂ ਦੇ ਆਧਾਰ 'ਤੇ ਅਣਪਛਾਤਿਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ |